
ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) ਸਰਬਤ ਖਾਲਸਾ ਦੇ ਵਿਸ਼ਾਲ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦਮਨਕਾਰੀ ਨੀਤੀਆਂ ਦਾ ਅੰਤ ਹੋਣ ‘ਤੇ ਆ ਗਿਆ ਹੈ ਕਿਉਂਕਿ ਸੰਮੇਲਨ ਨੂੰ ਫੇਲ ਕਰਨ ਦੀਆਂ ਸਰਕਾਰ ਦੀਆਂ ਸਾਜਿਸ਼ਾਂ ਨੇ ਬਾਦਲਕਿਆਂ ਦਾ ਪੰਥ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ।ਪੰਥਕ ਜੱਥੇਬੰਦੀਆਂ ਵੱਲੋਂ ਬੀਤੀ 8 ਦਸੰਬਰ ਨੂੰ ਪਵਿੱਤਰ ਧਰਤੀ ਸਾਬੋ ਕੀ ਤਲਵੰਡੀ ਵਿਖੇ ਕਰਵਾਏ ਗਏ ਸਰਬੱਤ ਖਾਲਸਾ ਦੀ ਸਫਲਤਾ ਲਈ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਕਾਲ ਸਮੇਂ ਮੁਗਲ ਜਕਰੀਆ ਖਾਨ ਦੀਆਂ ਪੰਥ ਵਿਰੋਧੀ ਨੀਤੀਆਂ ਦੀ ਪਰਵਾਹ ਨਾ ਕਰਦੇ ਹੋਏ ਸਿੱਖ ਸੰਗਤਾਂ ਸਰਬਤ ਖਾਲਸਾ ਤੇ ਹੋਰ ਧਾਰਮਿਕ ਸੰਮੇਲਨਾਂ ਦੇ ਵਿੱਚ ਸ਼ਾਮਿਲ ਹੁੰਦੀਆਂ ਰਹੀਆਂ ਹਨ, ਠੀਕ ਉਸੇ ਤਰ੍ਹਾਂ ਹੀ 8 ਦਸੰਬਰ ਨੂੰ ਸਰਕਾਰ ਦੀਆਂ ਲੱਖਾਂ ਰੋਕਾਂ ਨੂੰ ਦਰਕਿਨਾਰ ਕਰਕੇ 10 ਕਿਲੋਮੀਟਰ ਤੋਂ ਵੀ ਵੱਧ ਦਾ ਸਫਰ ਤੈਅ ਕਰਕੇ ਸਰਬਤ ਖਾਲਸਾ ਸੰਮੇਲਨ ਦੇ ਵਿੱਚ ਪਹੁੰਚੇ ਪੰਥਕ ਹਿਤੈਸ਼ੀਆਂ ਤੇ ਸਿੱਖ ਸ਼ਰਧਾਲੂਆਂ ਨੇ ਪੰਥ ਵਿਰੋਧੀ ਤਾਕਤਾਂ ਦੇ ਖਿਲਾਫ ਹਾਅ ਦਾ ਨਾਅਰਾ ਮਾਰਿਆ ਹੈ।
ਭਾਈ ਸਖੀਰਾ ਨੇ ਅੱਗੇ ਕਿਹਾ ਕਿ ਬੇਸ਼ੱਕ ਬਾਦਲ ਸਰਕਾਰ ਨੇ ਮਾਨਯੋਗ ਜਥੇਦਾਰਾਂ ਤੇ ਕਈ ਹੋਰ ਸਨਮਾਨਯੋਗ ਪੰਥਕ ਆਗੂਆਂ ‘ਤੇ ਸਰਕਾਰੀ ਕਹਿਰ ਤੇ ਤਸ਼ੱਦਦ ਢਾਹ ਕੇ ਉਨਾਂ ਨੂੰ ਨਜ਼ਰਬੰਦ ਕੀਤਾ, ਪਰ ਇਸ ਦੇ ਬਾਵਜੂਦ ਵੀ ਸਰਬਤ ਖਾਲਸਾ ਸੰਮੇਲਨ ਦਾ ਸਫਲਤਾ ਪੂਰਵਕ ਆਯੋਜਨ ਸਰਕਾਰ ਲਈ ਵੱਡੀ ਚੁਣੌਤੀ ਹੈ।ਉਨ੍ਹਾਂ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਸਰਕਾਰ ਦੇ ਸੰਤਰੀਆਂ ਤੇ ਮੰਤਰੀਆਂ ਦਾ ਸਫਾਇਆ ਹੋਣਾ ਲੱਗਭਗ ਤੈਅ ਹੈ। ਜਿਸ ਦੇ ਸੰਕੇਤ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ, ਬਾਦਲ ਦਲ ਦੇ ਆਗੂਆਂ ਤੇ ਮੰਤਰੀਆਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਕੇ ਅਤੇ ਉਨ੍ਹਾਂ ਨੂੰ ਧੱਕੇਮਾਰ ਕੇ ਦੇ ਚੁੱਕੀਆਂ ਹਨ।ਉਨ੍ਹਾਂ ਸਿੱਖ ਪੰਥ ਦਾ ਧੰਨਵਾਦ ਕਰਦਿਆਂ ਚੋਣਾਂ ਦੌਰਾਨ ਵੀ ਅਜਿਹਾ ਹੀ ਮੂੰਹ ਤੋੜਵਾਂ ਜਵਾਬ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਬਾਦਲ ਐਂਡ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਕੇ ਪੰਜਾਬ ਵਿੱਚ ਸਾਫ ਤੇ ਸਥਿਰ ਪੰਥਕ ਸਰਕਾਰ ਦਾ ਗੱਠਨ ਕੀਤਾ ਜਾ ਸਕੇ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media