Wednesday, March 25, 2026

ਕਥਾਕਾਰ ਜਸਵੀਰ ਰਾਣਾ ਨਾਲ ਕਥਾ ਸੰਵਾਦ ਰਚਾਇਆ

ppn1212201606
ਅੰਮ੍ਰਿਤਸਰ, 12 ਦਸੰਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਏਕਮ ਸਹਿਤ ਮੰਚ ਦੇ ਸਾਂਝੇ ਉਪਰਾਲੇ ਨਾਲ ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ `ਚ ਪੰਜਾਬੀ ਜੁਬਾਨ ਦੇ ਨਾਮਵਰ ਕਥਾਕਾਰ ਜਸਵੀਰ ਰਾਣਾ ਨਾਲ ਸਹਿਤਕ ਸੰਵਾਦ ਰਚਾਇਆ ਗਿਆ। ਪ੍ਰੋ: ਸਤਨਾਮ ਕੌਰ ਰੰਧਾਵਾ ਵਲੋਂ ਮਹਿਮਾਨ ਸਹਿਤਕਾਰ ਦੀ ਜਾਣ-ਪਛਾਣ ਅਤੇ ਅਰਤਿੰਦਰ ਸੰਧੂ ਵਲੋਂ ਕਹੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਹਿਤਕ ਸਮਾਗਮ `ਚ ਪ੍ਰੋ: ਸੁਨੀਤਾ ਸ਼ਰਮਾ ਵਲੋਂ ਕਿੰਨਰਾਂ ਦੀ ਜੀਵਨ ਸ਼ੈਲੀ ਤੇ ਅਧਾਰਤ ਕਥਾ ਪੁਸਤਕ “ਕਿੰਨਰਾਂ ਦਾ ਵੀ ਦਿਲ ਹੁੰਦਾ ਹੈ” ਤੇ ਪੇਪਰ ਪੇਸ਼ ਕੀਤਾ।ਮਹਿਮਾਨ ਸਹਿਤਕਾਰ ਜਸਵੀਰ ਰਾਣਾ ਵਲੋਂ ਆਪਣੀ ਅਰਥ ਭਰਪੂਰ ਗੱਲਬਾਤ ਦਾ ਮੁੱਢ ਬੰਨਦਿਆਂ ਦੱਸਿਆ ਕਿ ਅੱਖਰ, ਸ਼ਬਦ ਅਤੇ ਵਿਚਾਰਾਂ ਦੀ ਸਿਆਣਪ ਨਾਲ ਹੀ ਉੱਤਮ ਸਹਿਤ ਦੀ ਸਿਰਜਨਾ ਹੁੰਦੀ ਹੈ।ਜਿਸ ਨੂੰ ਉਹ ਆਪਣੀ ਜੀਵਨ ਸ਼ੈਲੀ `ਚ ਢਾਲ ਕੇ ਰੱਖਦਾ ਹੈ। ਉਹਨਾਂ ਅੱਗੇ ਦੱਸਿਆ ਕਿ ਪਰਿਵਾਰਕ ਦੁਸ਼ਵਾਰੀਆਂ, ਮੰਦਹਾਲੀਆਂ ਅਤੇ ਇਕੱਲਤਾ ਨੇ ਉਸ ਅੰਦਰਲੇ ਕਹਾਣੀਕਾਰ ਨੂੰ ਪੁੰਗਰਣ ਅਤੇ ਵਿਗਸਨ ਦਾ ਮੌਕਾ ਦਿੱਤਾ।ਜਿਸ ਵਿਚੋਂ ਹੀ ਸਿਖਰ ਦੁਪਿਹਰਾ, ਖਿੱਤੀਆਂ ਘੁੰਮ ਰਹੀਆਂ ਨੇ ਅਤੇ ਬਿੱਲੀਆਂ ਅੱਖਾਂ ਦਾ ਜਾਦੂ ਵਰਗੀਆਂ ਕਥਾ ਪੁਸਤਕਾਂ ਨੇ ਜਨਮ ਲਿਆ। ਡਾ. ਸੁਖਦੇਵ ਸਿੰਘ ਖਾਹਰਾ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਜਸਵੀਰ ਰਾਣਾ ਸਮਾਜਿਕ ਸਰੋਕਾਰਾਂ ਵਾਲਾ ਗਲਪਕਾਰ ਹੈ। ਡਾ. ਦਰਿਆ ਹੋਰਾਂ ਕਿਹਾ ਕਿ ਮਹਿਮਾਨ ਕਥਾਕਾਰ ਦੀਆਂ ਕਹਾਣੀਆਂ ਮਨੁੱਖੀ ਮੰਨ ਦੀਆਂ ਗੁੰਝਲਾਂ ਨੂੰ ਤਹਿ ਤੱਕ ਫਰੋਲਦੀਆਂ ਹਨ। ਸ੍ਰੀ ਦੀਪ ਦਵਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਜਸਵੀਰ ਰਾਣਾ ਦੀਆਂ ਸਮੁੱਚੀਆਂ ਕਥਾ ਜੁਗਤਾਂ, ਲੋੜਾਂ-ਥੁੜਾਂ ਤਲਾਸ਼ਦੇ, ਮਨੁੱਖ ਦੀ ਸੋਚ ਵਿਚਾਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ। ਸ੍ਰੀ ਕੇਵਲ ਧਾਲੀਵਾਲ ਨੇ ਕਿਹਾ ਕਿ ਕਥਾਕਾਰ ਆਪਣੀ ਕਲਮੀ ਅਨੁਭਵ ਰਾਹੀਂ ਪੇਂਡੂ ਅਤੇ ਸ਼ਹਿਰੀ ਜਨ-ਜੀਵਨ `ਚ ਆ ਰਹੀਆਂ ਤਬਦੀਲੀਆਂ ਨੂੰ ਰੋਚਿਕ ਢੰਗ ਨਾਲ  ਗਲਪੀ ਬਿੰਬ ਵਿੱਚ ਢਾਲਦਾ ਹੈ।ਸ੍ਰੀ ਜਗਦੀਸ਼ ਸਚਦੇਵਾ ਅਤੇ ਪ੍ਰੋ: ਲਖਵਿੰਦਰ ਗਿੱਲ ਨੇ ਸਾਂਝੇ ਤੌਰ `ਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦਾ ਵਚਨ ਬੱਧਤਾ ਨੂੰ ਦੋਹਰਾਇਆ। ਸਵਾਲਾਂ-ਜੁਆਬਾਂ ਦੇ ਦੌਰ `ਚ ਡਾ. ਸੁਖਦੇਵ ਸਿੰਘ, ਕਮਲ, ਗੁਰਬਾਜ ਤੋਲਾਨੰਗਲ, ਹਜ਼ਾਰਾ ਸਿੰਘ ਚੀਮਾ, ਜਸਬੀਰ ਝਬਾਲ ਅਤੇ ਧਰਵਿੰਦਰ ਔਲਖ ਵਲੋਂ ਪੁੱਛੇ ਸਵਾਲਾਂ ਦੇ ਜੁਆਬ `ਚ ਜਸਵੀਰ ਰਾਣਾ ਵੱਲੋਂ ਸੋਹਜ ਭਰਪੂਰ ਭਾਸ਼ਾ ਸ਼ੈਲੀ `ਚ ਜੁਆਬ ਦਿੱਤੇ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਅਰਪਨ, ਸਿਮਰਜੀਤ ਗਿੱਲ, ਲਖਬੀਰ ਸਿੰਘ ਨਿਜਾਮਪੁਰ, ਹਰਭਜਨ ਖੇਮਕਰਨੀ, ਕਲਿਆਣ ਅੰਮ੍ਰਿਤਸਰੀ, ਰਾਜ ਖੁਸ਼ਵੰਤ ਸਿੰਘ ਸੰਧੂ, ਡਾ. ਕਸ਼ਮੀਰ ਸਿੰਘ, ਸਰਬਜੀਤ ਸੰਧੂ, ਡਾ. ਮਧੂ ਸ਼ਰਮਾ, ਹਰਜੀਤ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਜਗਤਾਰ ਗਿੱਲ, ਰਮੇਸ਼ ਯਾਦਵ, ਡਾ. ਸਤਿੰਦਰ ਕੌਰ, ਡਾ. ਜਤਿੰਦਰ, ਵਿਪਨ ਗਿੱਲ, ਡਾ. ਹਰਜੀਤ ਬੱਲ, ਇੰਦਰੇਸ਼ਮੀਤ, ਜਤਿੰਦਰ ਔਲਖ, ਸਿੱਧੂ ਫਰੀਦਕੋਟੀ, ਪਿਆਰਾ ਸਿੰਘ ਜਾਚਕ, ਅਜੀਤ ਸਿੰਘ ਨਬੀਪੁਰ, ਬਨਾਰਸੀ ਦਾਸ ਅਤੇ ਭਗਤ ਨਿਰਾਇਣ ਤੋਂ ਇਲਾਵਾ ਵੱਡੀ ਗਿਣਤੀ `ਚ ਸਹਿਤਕਾਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply