
ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਅੰਤਰ ਰਾਸ਼ਟਰੀ ਵਿਕਲਾਂਗ ਦਿਵਸ ਨੂੰ ਸਮਰਪਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸੂਬਾ ਪੱਧਰੀ ਸਮਾਗਮ ਅੱਜ ਫਾਜ਼ਿਲਕਾ ਦੇ ਸਿਟੀ ਗਾਰਡਨ ਪੈਲੇਸ ਵਿਚ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਨ। ਇਸ ਮੌਕੇ ਸੁਖਵਿੰਦਰ ਸਿੰਘ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਅਰਵਿੰਦ ਕੁਮਾਰ ਵਿਸ਼ੇਸ਼ ਤੌਰ ਤੇ ਹਾਜਰ ਸਨ। ਹਾਜ਼ਰੀਨ ਨੂੰ ਸੰਬੋੋਧਤ ਕਰਦਿਆਂ ਮੰਤਰੀ ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗ ਬੱਚਿਆਂ ਅਤੇ ਵਿਅਕਤੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਦਿਵਿਆਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤੇ ਪੰਜਾਬ ਸਰਕਾਰ ਵੱਲੋਂ 64 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪੰਗ ਵਿਅਕਤੀਆਂ ਦੀ ਪੈਨਸ਼ਨ ਸਕੀਮ ਦੀ ਰਾਸ਼ੀ ਵਧਾ ਕੇ 500 ਰੁਪਏ ਮਹੀਨਾ ਕੀਤਾ ਗਈ ਹੈ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਰਕਾਰ ਵੱਲੋਂ ਦਿਵਿਆਂਗ ਵਿਦਿਆਰਥੀਆਂ ਦੀ ਸਿੱਖਿਆ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇੇ ਹਨ ਤਾਂ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਆਪ ਖੜ੍ਹੇ ਹੋ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਪੂਰੇ ਆਤਮ ਸਨਮਾਨ ਨਾਲ ਜਿਉਂ ਸਕਣ।
ਜਿਆਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਲੋਕਾਂ ਦੇ ਡਿਸਏਬੀਲਟੀ ਸਾਰਟੀਫਿਕੇਟ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਬਣਾ ਕੇ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਵਿਚ ਕੋਟੇ ਦੇ ਹਿਸਾਬ ਨਾਲ ਬੈਕਲਾਗ ਪੂਰਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ, ਸੰਸਥਾਵਾਂ ਜਿੰਨ੍ਹਾਂ ਵੱਲੋਂ ਅੰਗਹੀਣਾਂ ਦੀ ਭਲਾਈ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤੇ ਜਾਂਦੇ ਹਨ ਲਈ ਰਾਜ ਪੱਧਰ ਤੇ ਐਵਾਰਡ ਦੇ ਕੇ ਸਨਮਾਨਤ ਵੀ ਕੀਤਾ ਜਾ ਰਿਹਾ ਹੈ।ਜਿਆਣੀ ਨੇ ਕਿਹਾ ਕਿ ਅਪੰਗ ਵਿਅਕਤੀਆਂ ਦੀ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ, ਦਫ਼ਤਰਾਂ ਅਤੇ ਹੋਰਨਾਂ ਅਦਾਰਿਆਂ ਵਿਚ ਰੈਪ ਦੀ ਵਿਸਥਾ ਕੀਤੀ ਜਾਵੇ।
ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਸੁਖਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਅਪੰਗਤਾ ਵਾਲੇ ਵਿਅਕਤੀਆਂ ਐਕਟ 1995 ਭਾਰਤ ਸਰਕਾਰ ਵੱਲੋਂ ਇਸ ਵਰਗ ਦੀ ਭਲਾਈ ਲਈ ਨੋਟੀਫਾਈ ਕੀਤਾ ਗਿਆ ਹੈ ਜਿਹੜਾ ਕਿ ਪੰਜਾਬ ਰਾਜ ਵਿਚ 1996 ਤੋਂ ਲਾਗੂ ਹੈ। ਇਸ ਐਕਟ ਦੀ ਭਾਵਨਾ ਅਨੁਸਾਰ ਸਮਾਜ ਦੇ ਇਸ ਵਰਗ ਨੂੰ ਪੈਰਾਂ ਸਿਰ ਖੜ੍ਹੇ ਹੋੋਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਅਪੰਗ ਵਿਅਕਤੀਆਂ ਨੂੰ ਨੌਕਰੀਆਂ, ਤਰੱਕੀਆਂ ਵਿਚ 3 ਫੀਸਦੀ ਰਾਖਵਾਂਕਰਨ ਦੇਣ ਦੀ ਵਿਵਸਥਾ ਕੀਤੀ ਗਈ ਹੈ।ਉਨ੍ਹਾਂ ਲਈ ਇੱਕ ਵੱਖਰਾ ਸੈਪਸ਼ਨ ਰੋਜ਼ਗਾਰ ਦਫ਼ਤਰ ਮਾਡਲ ਗਰਾਮ ਗਰੀਨ ਫੀਲਡ, ਲੁਧਿਆਣਾ ਵਿਖੇ ਖੋਲ੍ਹਿਆ ਗਿਆ ਹੈ।ਇਸ ਤੋਂ ਇਲਾਵਾ ਜਮਾਲਪੁਰ (ਲੁਧਿਆਣਾ) ਵਿਚ ਸਰਕਾਰੀ ਸੰਸਥਾ ਚਲਾਈ ਜਾ ਰਹੀ ਹੈ। ਜਿਸ ਵਿਚ ਨੇਤਰਹੀਣ ਵਿਦਿਆਰਥੀਆਂ ਲਈ 10ਵੀਂ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾ ਰਹੀ ਹੈ। ਮੰਦਬੁਧੀ ਬੱਚਿਆਂ ਲਈ ਕਪੂਰਥਲਾ ਵਿਖੇ 6 ਤੋਂ 16 ਸਾਲ ਦੇ ਮੰਦਬੁੱਧੀ ਬੱਚਿਆਂ ਲਈ ਇਕ ਹੋਮ ਦੀ ਸਥਾਪਨਾ ਕੀਤੀ ਗਈ ਹੈ। ਪੰਜਾਬ ਵਿਚ ਲੁਧਿਆਣਾ, ਅਮਿ੍ਰਤਸਰ ਅਤੇ ਰਾਜਪੁਰਾ ਵਿਖੇ 3 ਕਮਿਉਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ ਪਰਸ਼ਨਜ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਕਿਹਾ ਕਿ ਦਿਵਿਆਂਗ ਲੋਕ ਵੀ ਸਾਡੇ ਸਮਾਜ ਦਾ ਇਕ ਹਿੱਸਾ ਹਨ। ਇੰਨ੍ਹਾਂ ਅੰਦਰ ਵੀ ਮਨੁੱਖੀ ਸਮਾਜ ਲਈ ਉਹ ਸਾਰਾ ਕੁਝ ਕਰਨ ਦੀ ਯੋਗਤਾ ਹੈ ਜਿਹੜੀ ਆਮ ਇਨਸਾਨਾ ਵਿਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਕਲਾਂਗਤਾ ਸਰਾਪ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਨ੍ਹਾਂ ਦੀ ਭਲਾਈ ਲਈ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਪਿੰਡ ਆਲਮਗੜ੍ਹ ਵਿਖੇ ਪ੍ਰਯਾਸ ਸਕੂਲ ਸਥਾਪਿਤ ਕੀਤਾ ਗਿਆ ਹੈ। ਜਿਸ ਵਿਚ 35 ਦੇ ਕਰੀਬ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ। ਇਸ ਸਮਾਗਮ ਦੌਰਾਨ ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੇ 6 ਵਿਅਕਤੀਆਂ ਸੰਜੀਵ ਕੁਮਾਰ ਜ਼ਿਲ੍ਹਾ ਮਾਨਸਾ, ਦਿਵਿਆ ਸ਼ਰਮਾ ਜ਼ਿਲ੍ਹਾ ਰੋਪੜ, ਹਰਮਨਜੀਤ ਸਿੰਘ ਗੁਰਾਇਆ ਗੁਰਦਾਸਪੁਰ, ਅੰਕਿਤ ਕਪੂਰ ਲੁਧਿਆਣਾ, ਗੁਰਦੀਪ ਲਾਲ ਨਵਾਂ ਸ਼ਹਿਰ, ਮਨਪ੍ਰੀਤ ਕੌਰ ਕਪੂਰਥਲਾ ਨੂੰ ਸਟੇਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਜਿੰਨ੍ਹਾਂ ਵੱਲੋਂ ਇਸ ਵਰਗ ਦੀ ਭਲਾਈ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ। ਇਸ ਮੌਕੇ ਜਰੂਰਤਮੰਦ ਲੋਕਾਂ ਨੂੰ ਟਰਾਈ ਸਾਈਕਲਾਂ ਦੀ ਵੰਡ ਵੀ ਕੀਤੀ ਗਈ। ਹੈ। ਪ੍ਰਯਾਸ ਸਕੂਲ ਦੇ ਦਿਵਿਆਂਗ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਇਸ ਦੇ ਨਾਲ ਹੀ ਨੈਸ਼ਨਲ ਪੱਧਰ ਉਡਾਨ ਫੈਸਟੀਵਲ ਵਿਚ ਜੇਤੂ ਰਹਿਣ ਵਾਲੀ ਰੇਖਾ ਰਾਣੀ ਵੱਲੋਂ ਵੀ ਭੰਗੜੇ ਦੀ ਪੇਸ਼ਕਾਰੀ ਕਰਕੇ ਸਮਾਗਮ ਵਿਚ ਪਹੁੰਚੀਆਂ ਸਖਸ਼ੀਅਤਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਸਮਾਗਮ ਵਿਚ ਸਿਵਲ ਸਰਜਨ ਫਾਜ਼ਿਲਕਾ ਡਾ.ਸੁਰਿੰਦਰ ਕੁਮਾਰ, ਜ਼ਿਲ੍ਹਾ ਸਮਾਜਿਕ ਅਤੇ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬੱਲ੍ਹ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ, ਨਗਰ ਕੌਂਸਲ ਦੇ ਪ੍ਰਧਾਨ ਰਾਕਸ਼ ਧੂੜੀਆ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮੇਸ਼ ਵਰਮਾ, ਭਾਜਪਾ ਦੇ ਸਟੇਟ ਮੀਡੀਆ ਇੰਚਾਰਜ ਸੁਬੋਧ ਵਰਮਾ, ਪਨਬੱਸ ਡਾਇਰੈਕਟਰ ਤੇਜਿੰਦਰ ਸਿੰਘ ਨਾਮਧਾਰੀ, ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਵਿਨੋਦ ਬਜਾਜ, ਲਵਲੀ ਕਾਠਪਾਲ, ਡਾ. ਵਿਨੋਦ ਜਾਂਗਿੜ, ਅਨਿਲ ਸੇਠੀ ਸਾਬਕਾ ਨਗਰ ਕੌਂਸਲ ਪ੍ਰਧਾਨ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਹਾਜਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media