ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਭਵਨ ਬਠਿੰਡਾ ਦਾ ਉਦਘਾਟਨ ਕੀਤਾ। 13.15 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਇਸ ਇਮਾਰਤ ’ਚ ਆਧੁਨਿਕ ਸਹੂਲਤਾਂ ਮੁਹੱਈਆਂ ਕਰਵਾਈਆਂ ਗਈਆਂ ਹਨ। ਇਸ ਮੌਕੇ ਬੋਲਦਿਆਂ ਮਲੂਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਮਾਂਬੱਧ ਅਤੇ ਇੱਕੋ ਛੱਤ ਹੇਠ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ।ਇਸ ਨਵੀਂ ਉਸਾਰੀ ਗਈ ਇਮਾਰਤ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸਾਂ ਦਾ ਇੱਕ ਪ੍ਰਤੀਕ ਹੈ ਜਿਸ ਤਹਿਤ ਜ਼ਿਲ੍ਹਾ ਬਠਿੰਡਾ ਵਸਨੀਕਾਂ ਨੂੰ ਵਧੀਆ ਬੁਨਿਆਦੀ ਢਾਂਚਾ ਅਤੇ ਦਫ਼ਤਰ ’ਚ ਕੰਮ ਕਰਨ ਵਾਲਿਆਂ ਨੂੰ ਵਧੀਆ ਮਾਹੌਲ ਦਿੱਤਾ ਗਿਆ ਹੈ।ਮਲੂਕਾ ਨੇ ਕਿਹਾ ਕਿ ਧਰਾਤਲ ਅਤੇ ਪਹਿਲੀ ਮੰਜ਼ਿਲ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਆਮਦਨ ਦਾ ਸ੍ਰੋਤ ਉਪਲੱਬਧ ਕਰਵਾਉਣ ਲਈ ਦੁਕਾਨਾਂ ਅਤੇ ਬੂਥ ਬਣਾਏ ਗਏ ਹਨ।ਹਰ ਇੱਕ ਮੰਜ਼ਿਲ ਤੇ 20 ਦੁਕਾਨਾਂ ਅਤੇ 4 ਬੂਥ ਹਨ। ਇਸ ਤਰ੍ਹਾਂ ਇਸ ਇਮਾਰਤ ’ਚ ਕੁੱਲ 40 ਦੁਕਾਨਾਂ ਅਤੇ 8 ਬੂਥਾਂ ਦੀ ਉਸਾਰੀ ਕੀਤੀ ਗਈ ਹੈ। ਦੂਸਰੀ ਮੰਜ਼ਿਲ ਉਪਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਉਨ੍ਹਾਂ ਦੇ ਸਟਾਫ਼ ਨਾਲ ਸਬੰਧਤ ਦਫ਼ਤਰਾਂ ਤੋਂ ਇਲਾਵਾ ਇੱਕ ਵੱਡਾ ਮੀਟਿੰਗ ਹਾਲ ਦਾ ਵੀ ਨਿਰਮਾਣ ਕੀਤਾ ਗਿਆ ਹੈ।ਤੀਸਰੀ ਮੰਜ਼ਿਲ ਤੇ ਨਿਗਰਾਨ ਇੰਜੀਨੀਅਰ ਪੰਚਾਇਤੀ ਰਾਜ, ਕਾਰਜਕਾਰੀ ਇੰਜੀਨੀਅਰ ਪੰਚਾਇਤ ਰਾਜ, ਉਪ ਮੰਡਲ ਅਫ਼ਸਰ ਪੰਚਾਇਤੀ ਰਾਜ ਦੇ ਦਫ਼ਤਰਾਂ ਤੋਂ ਇਲਾਵਾ ਕੰਟੀਨ ਅਤੇ ਸਟੋਰਾਂ ਦੀ ਉਸਾਰੀ ਕੀਤੀ ਗਈ ਹੈ। ਮਲੂਕਾ ਨੇ ਦੱਸਿਆ ਕਿ ਇਸ ਇਮਾਰਤ ਵਿਚ ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਕਰਦੇ ਹੋਏ ਸੈਮੀ ਬੇਸਮੈਂਟ ਪਾਰਕਿੰਗ ਬਣਾਈ ਗਈ ਹੈ।ਜ਼ਿਲ੍ਹਾ ਪ੍ਰੀਸ਼ਦ ਵਿਖੇ ਆਉਣ ਵਾਲੇ ਲੋਕਾਂ ਲਈ ਬੈਠਣ ਦਾ ਪ੍ਰਬੰਧ, ਪੀਣ ਵਾਲੇ ਪਾਣੀ ਲਈ ਆਰ.ਓ. ਦਾ ਪ੍ਰਬੰਧ, ਅੱਗ ਬੁਝਾਊ ਯੰਤਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਵਿਧਾਇਕ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਪ੍ਰੀਤ ਸਿੰਘ ਮਲੂਕਾ, ਮੇਅਰ ਬਲਵੰਤ ਰਾਏ ਨਾਥ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਮੋਹਿਤ ਗੁਪਤਾ, ਪ੍ਰਧਾਨ ਨਗਰ ਕੌਸਲ ਰਾਮਪੁਰਾ ਸੁਨੀਲ ਬਿੱਟਾ, ਪ੍ਰਧਾਨ ਨਗਰ ਪੰਚਾਇਤ ਮਹਿਰਾਜ ਹਰਿੰਦਰ ਸਿੰਘ, ਪ੍ਰਧਾਨ ਨਗਰ ਪੰਚਾਇਤ ਭਗਤਾ ਰਕੇਸ਼ ਗੋਇਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media