ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗਲੋਬਲ ਇਨੀਸ਼ੀਏਟਿਵ ਆਫ ਅਕੈਡੇਮਿਕ ਨੈਟਵਰਕ ਗਿਆਨ ਪ੍ਰੋਗਰਾਮ ਅਧੀਨ ਚੱਲ ਰਹੇ ਕੋਰਸ ਵਿਚ ਆਰ.ਡਬਲਯੂ.ਟੀ.ਐਚ. ਆਖਨ ਯੂਨੀਵਰਸਿਟੀ, ਆਖਨ, ਜਰਮਨੀ ਤੋਂ ਪ੍ਰਸਿੱਧ ਵਿਗਿਆਨੀ ਡਾ. ਬਰਨ੍ਹਾਡ ਬਲੂਮਿਸ਼ ਅਤੇ ਅਮਰੀਕਾ ਦੀ ਕੈਲੀਫੌਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੋ. ਜੈਫਰੀ ਏ. ਰਾਈਮਰ ਨੇ ਵਿਸ਼ੇਸ਼ ਭਾਸ਼ਣ ਦਿੱਤੇ। ਇਨ੍ਹਾਂ ਭਾਸ਼ਣਾਂ ਦਾ ਵਿਸ਼ਾ ਕੈਲੀਫੌਰਨੀਆਂ ਅਤੇ ਆਖਨ ਯੂਨੀਵਰਸਿਟੀਆਂ ਵਿਖੇ ਅਧਿਆਪਨ, ਖੋਜ ਅਤੇ ਮੁਲਾਂਕਣ ਸੀ। ਇਨ੍ਹਾਂ ਭਾਸ਼ਣਾਂ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਕੋਰਸ ਕੋਆਰਡੀਨੇਟਰ ਪ੍ਰੋ. ਪਲਵਿੰਦਰ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਨ.ਐਸ. ਤੁੰਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਹੋਏ।
ਪ੍ਰੋ. ਰਾਈਮਰ ਨੇ ਇਸ ਮੌਕੇ ਕੈਲੀਫੌਰਨੀਆ ਯੂਨੀਵਰਸਿਟੀ ਵਿਖੇ ਚੱਲ ਰਹੇ ਅਧਿਆਪਨ, ਖੋਜ ਅਤੇ ਮੁਲਾਂਕਣ ਕਾਰਜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਮਿਆਰੀ ਸਿਖਿਆ ਮੁਹਈਆ ਕਰਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਗਤੀਵਿਧੀਆਂ ਨੂੰ ਬਰੀਕੀ ਨਾਲ ਘੋਖਿਆ ਜਾਂਦਾ ਹੈ ਅਤੇ ਲੋੜੀਂਦੀਆਂ ਤਬਦੀਲੀਆਂ ਲਈ ਤੁਰੰਤ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਦਸ ਸਾਲਾਂ ਬਾਅਦ ਹਰ ਵਿਭਾਗ ਨੂੰ ਸਮੇ ਦੇ ਹਾਣ ਦਾ ਬਣਾਉਣ ਲਈ ਲੋੜੀਂਦੇ ਸਾਜ਼ੋ-ਸਮਾਨ ਮੁਹਈਆ ਕੀਤੇ ਜਾਂਦੇ ਹਨ ਅਤੇ ਵਿਦਿਆਰਥੀ ਤੇ ਅਧਿਆਪਕ ਇਸ ਵਿਚ ਸਵੈਪੜਚੋਲ ਕਰਕੇ ਆਪਣੇ ਵਿਚਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਕਾਰਜ ਦਾ ਮੁਲਾਂਕਣ ਯੂਨੀਵਰਸਿਟੀ ਤੋਂ ਬਾਹਰੋਂ ਵਿਦਵਾਨ ਅਤੇ ਵਿਸ਼ਾ ਮਾਹਿਰ ਮਿਲ ਕੇ ਕਰਦੇ ਹਨ। ਉਹ ਬਰੀਕੀ ਨਾਲ ਹਰ ਅਧਿਆਪਕ ਦੀ ਕਾਰਜਸ਼ੈਲੀ ਅਤੇ ਉਸ ਵੱਲੋਂ ਲਿਖੇ ਲੇਖਾਂ ਨੂੰ ਪੜਚੋਲਦੇ ਹਨ। ਉਨ੍ਹਾਂ ਕਿਹਾ ਕਿ ਕਲਾਸਰੂਮ ਪੜ੍ਹਾਈ ਨੂੰ ਵੀ ਕੋਰਸਾਂ, ਕੋਰਸਾਂ ਦਾ ਵਿਦਿਆਰਥੀਆਂ ‘ਤੇ ਪ੍ਰਭਾਵ ਅਤੇ ਕੋਰਸਾਂ ਦੀ ਮੰਗ ਦਾ ਗਰਾਫੀਕਲ ਮੁਲਾਂਕਣ ਕੀਤਾ ਜਾਂਦਾ ਹੈ।
ਪੋ੍ਰ. ਬਲੂਮਿਸ਼ ਨੇ ਆਖਨ ਯੂਨੀਵਰਸਿਟੀ ਬਾਰੇ ਗੱਲ ਕਰਦਿਆਂ ਕਿਹਾ ਕਿ ਆਖਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਅਧਿਆਪਕਾਂ ਦੇ ਮਿਲੇ ਜੁਲੇ ਉਪਰਾਲੇ ਸਦਕਾ ਮਿਆਰੀ ਸਿਖਿਆ ਅਤੇ ਲੋੜੀਂਦਾ ਸਾਜ਼ੋ-ਸਮਾਨ ਮੁਹਈਆ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਅਦਾਰੇ ਦਾ ਮੁਲਾਂਕਣ ਆਂਤਰਿਕ ਅਤੇ ਬਾਹਰੀ ਅਧਿਐਨ ‘ਤੇ ਕੀਤਾ ਜਾਂਦਾ ਹੈ ਅਤੇ ਉਸ ਆਧਾਰ ‘ਤੇ ਅਦਾਰੇ ਦੀ ਰੈਂਕਿੰਗ ਹੁੰਦੀ ਹੈ। ਇਨ੍ਹਾਂ ਅਦਾਰਿਆਂ ਵਿਚ ਚੱਲ ਰਹੇ ਖੋਜ ਕਾਰਜਾਂ ਦੀ ਮਿਆਦ ਅਤੇ ਗ੍ਰਾਂਟਾਂ ਵੀ ਅਦਾਰੇ ਦੀ ਸ਼ਾਖ ‘ਤੇ ਨਿਰਭਰ ਕਰਦੀ ਹੈ ਅਤੇ ਉਸੇ ਆਧਾਰ ‘ਤੇ ਹੀ ਅਦਾਰੇ ਦਾ ਵਿਸਥਾਰ ਹੁੰਦਾ ਹੈ ਜਿਸ ਕਰਕੇ ਅਦਾਰੇ ਨੂੰ ਸਨਅਤਾਂ ਅਤੇ ਲੋਕਾਂ ਦਾ ਸਹਿਯੋਗ ਮਿਲਦਾ ਹੈ।
ਦੋਵਾਂ ਵਿਗਿਆਨੀਆਂ ਦੀ ਇਹ ਰਾਇ ਸੀ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮੁਲਾਂਕਣ ਸਖਤੀ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਮਿਆਰੀ ਖੋਜ ਅਤੇ ਅਧਿਆਪਨ ਉਤਸ਼ਾਹਿਤ ਹੋ ਸਕਦਾ ਹੈ।
Check Also
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸੋਸ਼ਲ ਮੀਡੀਆ `ਤੇ ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਸ੍ਰੀ ਅਮਰਦੀਪ ਸਿੰਘ ਬੈਂਸ ਸਿਵਲ ਜੱਜ (ਸੀਨੀਅਰ ਡਿਵਿਜ਼ਨ)-ਕਮ-ਸੈਕਟਰੀ ਜ਼ਿਲ੍ਹਾ …
Punjab Post Daily Online Newspaper & Print Media