Friday, March 20, 2026

ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਦੀ ਕਾਮਯਾਬੀ ਲਈ ਦਿੱਲੀ ਕਮੇਟੀ ਨੇ ਕੀਤੇ ਕਮਰਕੱਸੇ

ppn1512201614ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਦਸ਼ਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕਰਵਾਏ ਜਾ ਰਹੇ ਮਲਟੀਮੀਡੀਆ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 18 ਦਸੰਬਰ ਨੂੰ ਇੰਦਰਾ ਗਾਂਧੀ ਇੰਡੋਰ ਸਟੈਡੀਅਮ ਦੇ ਮੁੱਖ ਮੈਦਾਨ ਵਿਚ ਹੋਣ ਜਾ ਰਹੇ ਸਮਾਗਮ ’ਚ ਗੁਰੂ ਸਾਹਿਬ ਦੇ ਜੀਵਨ ’ਤੇ ‘‘ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ’’ ਨਾਂ ਦਾ 25 ਮਿੰਟ ਦਾ ਤਿਆਰ ਕੀਤਾ ਗਿਆ ਵਿਸ਼ੇਸ਼ ਮਲਟੀਮੀਡੀਆ ਸ਼ੋਅ ਉਕਤ ਪ੍ਰੋਗਰਾਮ ਦਾ ਦਿਲ ਖਿਚਵਾਂ ਹਿੱਸਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਮਸ਼ਹੂਰ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਤੇ ਹਰਸ਼ਦੀਪ ਕੌਰ ਵੀ ਧਾਰਮਿਕ ਤੇ ਸੂਫ਼ੀਆਨਾ ਰੰਗ ਆਪਣੀ ਗਾਇਕੀ ਰਾਹੀਂ ਇਸ ਮੌਕੇ ਬਨਣ ਦੀ ਕੋਸ਼ਿਸ਼ ਕਰਨਗੇ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੀਤ ਗਾ ਕੇ ਮਸ਼ਹੂਰ ਹੋਏ ਦਿੱਲੀ ਦੇ ਸਾਬਤ ਸੂਰਤ ਗਾਇਕ ਸਿਮਰਨਜੀਤ ਸਿੰਘ ਵੱਲੋਂ ਮਸ਼ਹੂਰ ਸੰਗੀਤਕਾਰ ਏ.ਆਰ ਰਹਿਮਾਨ ਵੱਲੋਂ ਸੰਗੀਤਬੱਧ ਕੀਤੇ ਗਏ ਧਾਰਮਿਕ ਗੀਤ ‘‘ਐਸੀ ਫੌਜ਼ ਬਣਾਈ’’ ਨੂੰ ਵੀ ਜਾਰੀ ਕੀਤਾ ਜਾਵੇਗਾ ਜਿਸਨੂੰ ਅਰਧ ਸ਼ਤਾਬਦੀ ਨੂੰ ਸਮਰਪਿਤ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਤੇ ਯਾਤਰਾਵਾਂ ਦੌਰਾਨ ਸੰਗਤਾਂ ਨੂੰ ਸੁਣਨ ਦਾ ਮੌਕਾ ਮਿਲੇਗਾ।
ਪ੍ਰੋਗਰਾਮ ’ਚ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਸਣੇ 8 ਸੂਬਿਆਂ ਦੇ ਮੁੱਖਮੰਤਰੀ, ਕਈ ਕੇਂਦਰੀ ਵਜੀਰ, ਵਿਦੇਸ਼ੀ ਸਫ਼ੀਰ, ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ ਤੇ ਵਿਧਾਇਕ ਸਹਿਤ ਵੱਡੀ ਗਿਣਤੀ ਵਿਚ ਸਿਆਸੀ ਅਤੇ ਧਾਰਮਿਕ ਆਗੂ ਸਮੂਲੀਅਤ ਕਰਨਗੇ। ਗੁਰਦੁਆਰਾ ਰਕਾਬਗੰਜ ਸਾਹਿਬ ’ਚ ਦਿੱਲੀ ਕਮੇਟੀ ਦਫ਼ਤਰ ਵਿਖੇ ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਗਈ ਮੀਟਿੰਗ ਦੀ ਅਗਵਾਹੀ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਆਗੂਆਂ ਨੂੰ ਸੰਗਤਾਂ ਤਕ ਇਸ ਪ੍ਰੋਗਰਾਮ ਦਾ ਸੱਦਾ ਪੱਤਰ ਵੱਡੀ ਗਿਣਤੀ ਵਿਚ ਪਹੁੰਚਾਉਣ ਦੀ ਹਿਦਾਇਤ ਦਿੱਤੀ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਦੇਸ਼ ਦੀ ਰਾਜਧਾਨੀ ’ਚ ਹੋ ਰਹੇ ਇਸ ਸਮਾਗਮ ਸੱਦਕਾ ਗੁਰੂ ਸਾਹਿਬ ਦੇ ਜੀਵਨ ਅਤੇ ਦਰਸ਼ਨ ਬਾਰੇ ਦੇਸ਼ ਅਤੇ ਵਿਦੇਸ਼ ਦੀ ਸੰਗਤ ਜਾਣੂ ਹੋ ਸਕੇਗੀ। ਗੁਰੂ ਸਾਹਿਬ ਨੂੰ ‘‘ਦੇਸ਼ ਦਾ ਰਾਖਾ’’ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਅੱਜ ਸਾਰੇ ਧਰਮਾਂ, ਜਾਂਤਾ ਅਤੇ ਮਜ਼ਹਬ ਦੇ ਲੋਕ ਸਾਡੇ ਮੁੱਲਕ ’ਚ ਰਹਿਣ ਦਾ ਨਿੱਘ ਮਾਣ ਰਹੇ ਹਨ ਤਾਂ ਉਸਦੇ ਪਿੱਛੇ ਗੁਰੂ ਸਾਹਿਬ ਵੱਲੋਂ ਕੀਤੇ ਗਏ ਸਰਬੰਸਦਾਨ ਦਾ ਵਿਸ਼ੇਸ਼ ਯੋਗਦਾਨ ਹੈ।
ਸਮਾਗਮ ’ਚ ਲਗਭਗ 30 ਹਜ਼ਾਰ ਸੰਗਤਾਂ ਦੇ ਪੁੱਜਣ ਦੀ ਆਸ਼ ਜਤਾਉਂਦੇ ਹੋਏ ਜੀ.ਕੇ. ਨੇ ਕੌਮੀ ਰਾਜਧਾਨੀ ਵਿਚ ਕੌਮਾਂਤਰੀ ਪੱਧਰ ਦੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਰਹੇ ਪ੍ਰੋਗਰਾਮ ’ਚ ਆਉਣ ਲਈ ਸੰਗਤਾਂ ਨੂੰ ਆਪਣੇ ਇਲਾਕੇ ਦੇ ਕਮੇਟੀ ਮੈਂਬਰ ਤੋਂ ਸੱਦਾ ਪੱਤਰ ਪ੍ਰਾਪਤ ਕਰਨ ਦੀ ਵੀ ਅਪੀਲ ਕੀਤੀ। ਕਮੇਟੀ ਵੱਲੋਂ ਸੰਗਤਾਂ ਦੀ ਸੁਵੀਧਾ ਲਈ ਲੰਗਰ ਅਤੇ ਬਸਾਂ ਦੇ ਕੀਤੇ ਜਾ ਰਹੇ ਪ੍ਰਬੰਧ ’ਚ ਥੋੜ ਨਾ ਪੈਣ ਦੀ ਵੀ ਕਮੇਟੀ ਸਟਾਫ਼ ਨੂੰ ਜੀ.ਕੇ ਨੇ ਆਦੇਸ਼ ਦਿੱਤੇ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਚਮਨ ਸਿੰਘ, ਸਮਰਦੀਪ ਸਿੰਘ ਸੰਨੀ, ਅਕਾਲੀ ਆਗੂ ਜਤਿੰਦਰ ਸਿੰਘ ਸਾਹਨੀ, ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਜਰਨਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply