
ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਫ਼ਾਜ਼ਿਲਕਾ ਵੱਲੋਂ ਜਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ‘ਨੇਕੀ ਦੀ ਦੀਵਾਰ’ ਦੀ ਸ਼ੁਰੂਆਤ ਅੱਜ ਸਥਾਨਕ ਸ਼ਾਸਤਰੀ ਚੌਕ ਦੇ ਨੇੜੇ ਡਿਪਟੀ ਕਮਿਸ਼ਨਰ -ਕਮ- ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਈਸ਼ਾ ਕਾਲੀਆ ਵੱਲੋਂ ਕੀਤੀ ਗਈ। ਸੰਬੋਧਤ ਕਰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਮਨੁੱਖ ਦੀ ਸਭ ਤੋਂ ਵੱਡੀ ਭਗਤੀ ਇਹ ਹੈ ਕਿ ਉਹ ਮਨੁੱਖੀ ਸਮਾਜ ਵਿਚ ਰਹਿੰਦਾ ਹੋਇਆ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰੇ। ਇਹ ਹੀ ਮਨੁੱਖ ਦਾ ਸਭ ਤੋਂ ਵੱਡਾ ਧਰਮ ਦਾ ਕਰਮ ਹੈ। ਉਨ੍ਹਾਂ ਕਿਹਾ ਕਿ ਨੇਕੀ ਦੀ ਦੀਵਾਰ ਦੀ ਸ਼ੁਰੂਆਤ ਕਰਨ ਦਾ ਮੁੱਖ ਮੰਤਵ ਇਹ ਹੀ ਹੈ। ਇਸ ਦੀਵਾਰ ਤੇ ਸ਼ਹਿਰ ਵਾਸੀ ਆਪਣੇ ਨਾ ਵਰਤੋਂ ਯੋਗ ( ਜੋ ਸਮਾਨ ਦੂਜਿਆਂ ਦੀ ਵਰਤੋਂ ਵਿਚ ਆ ਸਕਦਾ ਹੈ ) ਸਮਾਨ ਦਾਨ ਕਰਨਗੇ। ਇਹ ਉਹ ਸਮਾਨ ਹੋਵੇਗਾ ਜਿਹੜਾ ਲੋਕਾਂ ਦੀ ਰੋਜਾਨਾ ਵਰਤੋਂ ਵਿਚ ਨਾ ਆਉਂਦਾ ਹੋਵੇ । ਉਨ੍ਹਾਂ ਦੱਸਿਆ ਕਿ ਹੁਣ ਠੰਡ ਦੇ ਮੌਸਮ ਵਿਚ ਬਹੁਤ ਸਾਰੇ ਲੋਕਾਂ ਕੋਲ ਗਰਮ ਕੱਪੜੇ, ਜੁੱਤੇ ਬੂਟ, ਜੁਰਾਬਾਂ ਆਦਿ ਤਾਂ ਦੂਰ ਬਲਕਿ ਕਈ ਵਾਰ ਆਮ ਕੱਪੜੇ ਵੀ ਨਹੀਂ ਹੁੰਦੇ।ਇਸ ਦੀਵਾਰ ਤੋਂ ਉਹ ਲੋਕ ਵਰਤੋਂ ਯੋਗ ਸਮਾਨ ਲੈ ਸਕਣਗੇ ਜਿੰਨ੍ਹਾਂ ਨੂੰ ਇਸ ਸਮਾਨ ਦੀ ਜਰੂਰਤ (ਵਰਤੋਂ ਵਿਚ ਆ ਸਕਦਾ ਹੋਵੇ ) ਹੋਵੇਗੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੱਪੜੇ ਆਦਿ ਤੋਂ ਇਲਾਵਾ ਹੋਰ ਸਮਾਨ ਲੋਕਾਂ ਵੱਲੋਂ ਅਣਵਰਤਿਆ ਹੀ ਘਰਾਂ ਵਿਚ ਸੰਭਾਲ ਕੇ ਰੱਖ ਦਿੱਤਾ ਜਾਂਦਾ ਹੈ। ਉਹ ਵਾਧੂ ਸਮਾਨ ਲੋਕ ਇਸ ਨੇਕੀ ਦੀ ਦੀਵਾਰ ਤੇ ਜਮ੍ਹਾਂ ਕਰਵਾਉਣਗੇ। ਜਿਸ ਵਿਅਕਤੀ ਨੂੰ ਇਸ ਸਮਾਨ ਦੀ ਜਰੂਰਤ ਹੋਵੇਗੀ ਉਹ ਇਸ ਸਮਾਨ ਨੂੰ ਬਿਨ੍ਹਾਂ ਰੋਕ ਟੋਕ ਲਿਜਾ ਸਕੇਗਾ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕੀ ਦੇ ਕੰਮ ਵਿਚ ਅੱਗੇ ਵੱਧ ਕੇ ਯੋਗਦਾਨ ਪਾਉਣ।ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਬੁਲਾਰਿਆਂ ਨੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦਾ ਸ਼ਹਿਰ ਵਿਚ ਇਸ ਪ੍ਰਾਜੈਕਟ ਦੇ ਲਾਂਚ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸ਼ਨਰ ( ਵਿਕਾਸ) ਅਰਵਿੰਦ ਕੁਮਾਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮੇਸ਼ ਵਰਮਾ, ਸੰਦੀਪ ਗਿਲਹੋਤਰਾ, ਲਵਲੀ ਕਾਠਪਾਲ, ਆਤਮਾ ਸਿੰਘ ਸੇਖੋਂ, ਨਰੇਸ਼ ਜੁਨੇਜਾ, ਅਸ਼ੋਕ ਮੌਂਗਾ, ਸ਼ਸੀਕਾਂਤ, ਅਜੈ ਠਕਰਾਲ, ਜਗਦੀਸ਼ ਕੁਮਾਰ, ਰਜਿੰਦਰ ਵਿਖੌਣਾ, ਅੰਮ੍ਰਿਤ ਲਾਲ ਕਰੀਰ, ਰਵਿੰਦਰ ਲੂਣਾ, ਸਤਪਾਲ ਭੂਸਰੀ, ਬਾਬੂ ਲਾਲ ਅਰੋੜਾ, ਸਰਬਜੀਤ ਸਿੰਘ, ਲੀਲਾਧਰ ਸ਼ਰਮਾ, ਰਾਜੇਸ਼ ਕਸਰੀਜਾ, ਰਾਕੇਸ਼ ਭੂਸਰੀ, ਡਾ. ਰੇਣੂ ਧੂੜੀਆ ਤੋਂ ਇਲਾਵਾ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਸ਼ਹਿਰ ਲੋਕ ਹਾਜ਼ਰ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media