ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ)- ਅਮਿਤ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਨਵੇਂ ਬਣੇ ਚੱਕੀ ਪੁੱਲ ਪਠਾਨਕੋਟ ਵਿਖੇ ਤਿੰਨ ਕਿਲੋ ਮੀਟਰ ਉੱਪਰ ਅਤੇ ਤਿੰਨ ਕਿਲੋ ਮੀਟਰ ਥੱਲੇ ਦੇ ਕਿਨਾਰਿਆਂ ਦੇ ਨਾਲ ਨਾਲ ਛੋਟੇ ਖਣਿਜ਼, ਬੋਲਡਰ, ਗਰੈਵਲ ਅਤੇ ਰੇਤ ਆਦਿ ਦੀ ਕਾਨੂੰਨੀ/ਗੈਰਕਾਨੂੰਨੀ ਮਾਈਨਿੰਗ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਜਨਤਕ ਥਾਵਾਂ ’ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ ’ਤੇ ਨਾਹਰੇ ਲਾਉਣ, ਜਲਸੇ ਜਲੂਸ ਤੇ ਰੋਸ ਮੁਜਾਹਰੇ ਕਰਨ ਅਤੇ ਜਨਤਕ ਥਾਵਾਂ ’ਤੇ ਮੀਟਿੰਗ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਵਿਸ਼ੇਸ਼ ਹਲਾਤਾਂ ਜਾਂ ਮੌਕਿਆਂ ਸਮੇਂ ਪ੍ਰਬੰਧਕਾਂ ਵੱਲੋਂ ਲਿਖਤੀ ਦਰਖਾਸਤ ਰਾਹੀਂ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਵਗੈਰਾ, ਪ੍ਰਵਾਨਗੀ ਦੀਆਂ ਸ਼ਰਤਾਂ ਅਨੁਸਾਰ ਕੱਢੇ ਜਾ ਸਕਦੇ ਹਨ। ਇਹ ਹੁਕਮ ਸਰਕਾਰੀ ਡਿਊਟੀ ਕਰ ਰਹੇ ਪੁਲੀਸ, ਹੋਮ ਗਾਰਡ, ਸੈਨਿਕ/ਅਰਧ ਸੈਨਿਕ ਬਲਾਂ ਅਤੇ ਵਿਆਹ ਸ਼ਾਦੀਆਂ ਅਤੇ ਸ਼ਾਂਤੀ ਢੰਗ ਨਾਲ ਕੀਤੇ ਜਾ ਰਹੇ ਜਲੂਸ ’ਤੇ ਲਾਗੂ ਨਹੀਂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀਆਂ ਸੀਮਾਵਾਂ ਅੰਦਰ ਰਾਤ 10:00 ਤੋਂ ਸਵੇਰੇ 6:00 ਵਜੇ ਤੱਕ ਉੱਚੀ ਆਵਾਜ ਵਿੱਚ ਚਲਾਏ ਜਾਣ ਵਾਲੇ ਮਿਊਜਿਕ, ਗੱਡੀਆਂ ਦੇ ਪਰੈਸ਼ਰ ਹਾਰਨ ਅਤੇ ਆਵਾਜ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰ ਚਲਾਉਣ ਅਤੇ ਸਾਇਲੈਂਸ ਜ਼ੋਨ ਜਿਵੇਂ ਕਿ ਮੰਤਰਾਲਾ ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਅਜਿਹਾ ਏਰੀਆ ਜੋ ਸਮਰੱਥ ਅਧਿਕਾਰੀ ਵੱਲੋਂ ਸਾਇਲੈਂਸ ਜ਼ੋਨ ਐਲਾਨਿਆਂ ਹੋਵੇ ਦੇ 100 ਮੀਟਰ ਦੇ ਘੇਰੇ ਵਿੱਚ ਆਤਿਸ਼ਬਾਜੀ ਅਤੇ ਪਟਾਕਿਆਂ ਦੀ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪਠਾਨਕੋਟ ਦੇ ਜਿਹੜੇ ਪਿੰਡਾਂ ਵਿੱਚ ਪਹਾੜਾਂ ਦੀ ਕਟਾਈ ਹੋ ਰਹੀ ਹੈ, ਨੂੰ ਤੁਰੰਤ ਬੰਦ ਕਰਨ ਅਤੇ ਅਗਾਂਹ ਲਈ ਉੱਥੇ ਕਟਾਈ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਨਿਰਧਾਰਤ ਆਵਾਜ਼ ਤੋਂ ਵੱਧ ਆਵਾਜ਼ ਪੈਦਾ ਕਰਨ ਵਾਲੇ ਹਾਰਨਾਂ ਨੂੰ ਬਣਾਉਣ ਅਤੇ ਮਾਰਕੀਟ ਵਿੱਚ ਵੇਚਨ ’ਤੇ ਪੂਰਨ ਰੂਪ ਵਿੱਚ ਪਾਬੰਦੀ ਲੱਗਾ ਦਿੱਤੀ ਹੈ। ਉਨ੍ਹਾਂ ਆਪਣੇ ਜਾਰੀ ਹੁਕਮਾਂ ਵਿੱਚ ਪਠਾਨਕੋਟ ਖੇਤਰ ਅੰਦਰ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਸ਼ੋਰ ਪ੍ਰਦੂਸ਼ਣ ਵਾਲੇ ਪਟਾਖਿਆਂ ਨੂੰ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਪਟਾਕੇ ਬਣਾਉਣ ਵਾਲੇ ਹਰੇਕ ਨੂੰ ਪਟਾਕਿਆਂ ਵਾਲੇ ਬਕਸਿਆਂ ਉੱਪਰ ਪਟਾਕਿਆਂ ਦੀ ਕਿਸਮ ਅਤੇ ਉਨ੍ਹਾਂ ਵਿੱਚ ਭਰੇ ਗਏ ਬਰੂਦ ਦੀ ਮਾਤਰਾ ਪੂਰੇ ਵੇਰਵੇ ਸਹਿਤ ਦਰਸਾਈ ਜਾਣੀ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਉਦਯੋਗਿਕ ਖੇਤਰ ਵਿੱਚ ਦਿਨ ਵੇਲੇ 75 ਅਤੇ ਰਾਤ ਸਮੇਂ (ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ) 70, ਕਮਰਸ਼ੀਅਲ ਖੇਤਰ ਵਿੱਚ ਦਿਨ ਵੇਲੇ 65 ਅਤੇ ਰਾਤ ਸਮੇਂ 55, ਰਿਹਾਇਸ਼ੀ ਖੇਤਰ ਵਿੱਚ ਦਿਨ ਵੇਲੇ 55 ਅਤੇ ਰਾਤ ਸਮੇਂ 45 ਅਤੇ ਸਾਇਲੈਂਸ ਜੋਨਾਂ ਵਿੱਚ ਦਿਨ ਵੇਲੇ 50 ਅਤੇ ਰਾਤ ਵੇਲੇ 40 ਡੀਬੀਏ ਤੋਂ ਵੱਧ ਲਾਉਂਡ ਸਪੀਕਰਾਂ, ਐਮਪਲੀਫਾਇਰ ਆਦਿ ਰਾਹੀਂ ਆਵਾਜ਼ ਪੈਦਾ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਇਸ ਤੋਂ ਵੱਧ ਕੋਈ ਆਵਾਜ਼ ਪੈਦਾ ਕਰੇਗਾ ਤਾਂ ਉਸ ਦਾ ਸਪੀਕਰਾਂ ਸਮੇਤ ਸਾਰਾ ਸਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਪਠਾਨਕੋਟ ਵੱਲੋਂ ਬਣਾਏ ਗਏ ਸਾਇਲੈਂਸ ਜੋਨਾਂ, ਸਾਹਮਣੇ ਸਿਵਲ ਹਸਪਤਾਲ ਸ਼ਾਹਪੁਰ ਰੋਡ, ਪਰਸ਼ੂਰਾਮ ਚੌਕ ਤੋਂ ਰਮਾ ਚੌਪੜਾ ਕਾਲਜ, ਟੈਂਰਪਰੈਂਸ ਹਾਲ ਤੋਂ ਭਿੰਡਰ ਹਸਪਤਾਲ ਮਿਸ਼ਨ ਰੋਡ, ਪੈਟਰੋਲ ਪੰਪ ਤੋਂ ਮਿਉਂਸਪਲ ਕਲੌਨੀ ਢਾਕੀ ਰੋਡ ਅਤੇ ਨਵੀਂ ਸ਼ਬਜੀ ਮੰਡੀ ਰੋਡ ਤੋਂ ਮਾਡਲ ਟਾਊਨ ਰੋਡ ਕੇ.ਐਫ.ਸੀ. ਸਕੂਲ ਵਾਲੇ ਖੇਤਰਾਂ ਵਿੱਚ ਵੀ ਮਾਨਯੋਗ ਅਦਾਲਤ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਿਰਧਾਰਤ ਆਵਾਜ਼ ਪੱਧਰ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਹ ਸਾਰੇ ਹੁਕਮ ਤੁਰੰਤ ਲਾਗੂ ਹੋ ਕੇ 31 ਜਨਵਰੀ, 2017 ਤੱਕ ਲਾਗੂ ਰਹਿਣਗੇ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media