ਪੁਲਿਸ ਵਲੋਂ 28 ਵਿਅਕਤੀਆਂ ਖਿਲਾਫ ਮਾਮਲਾ ਦਰਜ- 21 ਗ੍ਰਿਫਤਾਰ

ਅੰਮ੍ਰਿਤਸਰ, 6 ਜੂਨ (ਜਸਬੀਰ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਵਾਂਗ ਮਨਾਏ ਗਏ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਿਥੇ ਇੱਕ ਵਾਰੀ ਫਿਰ ਖਾਲਿਸਤਾਨ ਜਿੰਦਾਬਾਦ ਦੇ ਅਕਾਸ਼ ਗੂੰਜਾਉ ਨਾਅਰੇ ਗੂੰਜੇ ਉਥੇ ਮੋਜੂਦ ਕੁੱਝ ਗੈਰ ਸਿੱਖ ਜਥੇਬੰਦੀ ਦੇ ਅਨਸਰਾਂ ਵਲੋਂ ਹਮਲੇ ਦੌਰਾਨ ਇੱਕ ਦਰਜਨ ਦੇ ਕਰੀਬ ਵਿਅਕਤੀ ਜਖਮੀ ਹੋਏੇ । ਭਾਂਵੇ ਇਸ ਝਗੜੇ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੇ ਖਾਤੇ ਵਿੱਚ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ. ਪਰਤਾਪ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵਿੱਚ ਦੋ ਵਿਅਕਤੀ ਉਹ ਵੀ ਫੜੇ ਗਏ ਹਨ, ਜਿਹਨਾਂ ਨੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਉਹ ਕਿਸੇ ਗੈਰ ਸਿੱਖ ਜਥੇਬੰਦੀ ਦੇ ਹੋ ਸਕਦੇ ਹਨ। ਇਹਨਾਂ ਵਿਅਕਤੀਆ ਦੀ ਪਛਾਣ ਕੀਤੀ ਜਾ ਰਹੀ ਹੈ।ਪਰਤਾਪ ਸਿੰਘ ਦਾ ਮੰਨਣਾ ਹੈ ਕਿ ਸ਼ਾਤਮਈ ਤਰੀਕੇ ਨਾਲ ਚੱਲ ਰਹੇ ਸਮਾਗਮ ਨੂੰ ਕਿਸੇ ਸਾਜਿਸ ਤਹਿਤ ਗੜਬੜ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੁੱਝ ਸੂਤਰਾਂ ਤੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਈ ਗਏ ਸ਼ਹੀਦੀ ਦਿਹਾੜੇ ਨੂੰ ਲੈ ਕੇ ਪਹਿਲਾਂ ਹੀ ਗਿਣੀ ਮਿਥੀ ਸਾਜਿਸ਼ ਤਹਿਤ ਕੁੱਝ ਗੈਰ ਸਿੱਖਾਂ ਨੇ ਸਿੱਖੀ ਭੇਸ ਵਿੱਚ ਹਮਲਾ ਕਰਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ 6 ਮੁਲਾਜਮਾਂ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਜਿਹਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰੀ ਪਰਤਾਪ ਸਿੰਘ ਵੀ ਸ਼ਾਮਲ ਹਨ।
ਕੁੱਝ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋ ਸਮਾਗਮ ਸ਼ੁਰੂ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ ਅਤੇ ਸਟੇਜ ਸਕੱਤਰ ‘ਤੇ ਜਥੇਦਾਰ ਨੇ ਸਮਾਗਮ ਵਿੱਚ ਬਾਕੀ ਸ਼ਾਮਲ ਸ਼ਖਸੀਅਤਾਂ ਦੇ ਨਾਮ ਤਾਂ ਜਰੂਰ ਲਏ, ਪਰ ਸ੍ਰ. ਮਾਨ ਦਾ ਨਾਮ ਨਾ ਲਿਆ ਜਿਸ ਤੇ ਕੁੱਝ ਮਾਨ ਦਲੀਆਂ ਨੇ ਇਤਰਾਜ ਪ੍ਰਗਟ ਕੀਤਾ। ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਪਰ ਸ੍ਰ. ਮਾਨ ਨੂੰ ਸਨਮਾਨਿਤ ਨਾ ਕੀਤਾ ਗਿਆ। ਜਿਸ ਤੇ ਮਾਨ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਚੱਢਾ ਨੇ ਇਤਰਾਜ ਪ੍ਰਗਟ ਕਰਕੇ ਜਥੇਦਾਰ ਨੂੰ ਸ੍ਰ. ਮਾਨ ਨੂੰ ਸਿਰੋਪਾ ਦੇਣ ਲਈ ਅਪੀਲ ਕੀਤੀ। ਜਥੇਦਾਰ ਸਾਹਿਬ ਨੇ ਬੜੇ ਹੀ ਮਾਣ ਤੇ ਸਤਿਕਾਰ ਨਾਲ ਸ੍ਰ ਮਾਨ ਦਾ ਨਾਮ ਵੀ ਲਿਆ ਤੇ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਉਪਰੰਤ ਸ੍ਰੀ ਮਾਨ ਆਪਣੇ ਸਮੱਰਥਕਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇ ਸਾਹਮਣੇ ਹੇਠਾਂ ਪ੍ਰੀਕਰਮਾ ਵਿੱਚ ਆ ਗਏ, ਜਿਥੇ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ। ਜਦੋਂ ਸ੍ਰ. ਮਾਨ ਬੋਲ ਰਹੇ ਸਨ ਤਾਂ ਉਹਨਾਂ ਦੇ ਸਮੱਰਥਕਾਂ ਨੇ ਮਾਈਕ ਦੀ ਮੰਗ ਕੀਤੀ ਪਰ ਕਮੇਟੀ ਦੇ ਮੁਲਾਜਮਾਂ ਨੇ ਕਿਹਾ ਕਿ ਮਾਈਕ ਸ੍ਰੀ ਅਕਾਲ ਤਖਤ ਸਾਹਿਬ ਦੇ ਉਪਰ ਹੈ।ਇੱਕ ਨੌਜਵਾਨ ਉਪਰ ਗਿਆ ਤੇ ਉਸ ਨੇ ਪੰਜ ਪਿਆਰਿਆ ਤੋਂ ਮਾਈਕ ਦੀ ਮੰਗ ਕੀਤੀ ਪਰ ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਨੇ ਉਸ ਨੂੰ ਮਨਾ ਕਰ ਦਿੱਤਾ ਪਰ ਉਹ ਮਾਈਕ ਲੈਣ ਲਈ ਬਜਿੱਦ ਸੀ। ਉਸ ਸਿੱਖ ਨੌਜਵਾਨ ਨੇ ਜਦੋ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਨੌਜਵਾਨ ਦੀ ਰੱਜ ਕੇ ਕੁੱਟਮਾਰ ਕੀਤੀ ਤੇ ਉਸ ਦੀ ਦਸਤਾਰ ਖਿਲਾਰ ਦਿੱਤੀ ਤੇ ਕੇਸਾਂ ਤੋ ਫੜ ਕੇ ਥੂਹ ਘਸੀਟ ਵੀ ਕੀਤੀ। ਇੰਨੀ ਦੇਰ ਨੂੰ ਕੁੱਝ ਸਿੱਖ ਨੌਜਵਾਨ ਨੰਗੀਆ ਕਿਰਪਾਨਾਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੱਧੇ ਜਿਹਨਾਂ ਦਾ ਟਾਸਕ ਫੋਰਸ ਨਾਲ ਸ੍ਰੀ ਅਕਾਲ ਤਖਤ ਦੀਆ ਪੌੜੀਆ ਵਿੱਚ ਟੱਕਰਾ ਹੋ ਗਿਆ।ਸ੍ਰੀ ਦਰਬਾਰ ਸਹਿਬ ਦੇ ਮਨੈਜਰ ਸ੍ਰੀ ਪਰਤਾਪ ਸਿੰਘ ਨੇ ਖੁਦ ਕਮਾਂਡ ਸੰਭਾਲੀ ਤੇ ਦੋਹਾਂ ਧਿਰਾਂ ਵਿਚਕਾਰ ਹੋਈ ਜੰਗ ਦੌਰਾਨ ਕਰੀਬ ਇਕ ਬੱਚੇ ਸਮੇਤ 10 ਵਿਅਕਤੀ ਫੱਟੜ ਹੋਏ ਜਿਹਨਾਂ ਵਿੱਚ ਮੈਨੇਜਰ ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਚੀਮਾ, ਸਤਨਾਮ ਸਿੰਘ, ਕੁਲਵੰਤ ਸਿੰਘ ਤੇ ਸੁਖਵਿੰਦਰ ਸਿੰਘ ਤੋ ਇਲਾਵਾ ਹੋਰ ਵੀ ਸਿੰਘ ਫੱਟੜ ਹੋਏ ਜਿਹਨਾਂ ਬਾਰੇ ਹਾਲੇ ਪੂਰੀ ਜਾਣਕਾਰੀ ਨਹੀ ਮਿਲੀ ਹੈ।ਇਸ ਖੂਨੀ ਟਕਰਾਅ ਦੌਰਾਨ ਕੁੱਝ ਪੱਤਰਕਾਰਾਂ ਦੀ ਵੀ ਖਿੱਚ ਧੁਹ ਵੀ ਹੋਈ ਅਤੇ ਇੱਕ ਪ੍ਰੈਸ ਫੋਟੋਗ੍ਰਾਫਰ ਦਾ ਕੈਮਰਾ ਵੀ ਟੁੱਟ ਗਿਆ।
ਪੁਲੀਸ ਨੇ ਕੁੱਝ ਉਹ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੋ ਬਾਹਰੋ ਗ੍ਰਿਫਤਾਰ ਕੀਤੇ ਹਨ ਜਿਹੜੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਾਰਾ ਦੋਸ਼ ਮੜ ਰਹੇ ਸਨ ਕਿ ਸ੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਬਿਨਾਂ ਕਿਸੇ ਦੇਰੀ ਤੋ ਹਟਾਇਆ ਜਾਵੇ, ਜਿਹੜਾ ਪ੍ਰਬੰਧ ਕਰਨ ਵਿੱਚ ਪੂਰੀ ਤਰਾ ਨਾਕਾਮ ਰਿਹਾ ਹੈ।ਤਨਾਅ ਵਾਲੀ ਸਥਿਤੀ ਨੂੰ ਦੇਖਦਿਆਂ ਹੋਇਆਂ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਰੱਖਿਆ ਵਜੋਂ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ । ਬਾਅਦ ਦੁਪਹਿਰ ਹਾਲਤ ਨਾਰਮਲ ਹੋ ਗਏ।
ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੁੱਝ ਏਜੰਸੀਆਂ ਦੇ ਬੰਦਿਆਂ ਵਲੋਂ ਆ ਕੇ ਜਾਣਬੁੱਝ ਕੇ ਲੜਾਈ ਝਗੜਾ ਤੇ ਫਸਾਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਜਾਂਚ ਜਾਰੀ ਹੈ ਅਤੇ ਜਾਂਚ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇਗੀ ।ਸੁਚਨਾ ਅਨੁਸਾਰ ਪੁਲਿਸ ਨੇ 28 ਵਿਅਕਤੀਆਂ ਖਿਲਾਫ ਮਾਰਕੁੱਟ ਕਰਨ ਤੇ ਕਤਲ ਲਈ ਹਮਲਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ, ਅਤੇ 21 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 7 ਹੋਰਾਂ ਨੂੰ ਕਾਬੂ ਕਰਨ ਦੀ ਕਾਰਵਾਈ ਜਾਰੀ ਹੈ ।
Punjab Post Daily Online Newspaper & Print Media