ਲੋਕ ਲੈ ਰਹੇ ਹਨ ਵੱਡੀ ਗਿਣਤੀ ਵਿਚ ਮੁਹੱਈਆ ਸਿਹਤ ਸੁਵਿਧਾਵਾਂ ਦਾ ਲਾਭ: ਡਾ. ਸ਼ਰਮਾ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਕੁਝ ਵਿਰੋਧੀ ਪੱਖ ਦੇ ਆਗੂਆਂ ਵੱਲੋਂ ਫਾਜ਼ਿਲਕਾ ਵਿਚ ਸਿਹਤ ਸੇਵਾਵਾਂ ਨੂੰ ਲੈਕੇ ਦਿੱਤੇ ਜਾ ਰਹੇ ਭ੍ਰਮਾਉਣ ਵਾਲੇ ਬਿਆਨਾਂ ਤੋਂ ਬਾਅਦ ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਨੇ ਇਸ ਸਬੰਧ ਵਿਚ ਤੱਕਾਂ ਸਮੇਤ ਆਂਕੜਿਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਹੰਸ ਰਾਜ ਅਤੇ ਹਸਪਤਾਲ ਦੇ ਸਹਾਇਕ ਪ੍ਰਬੰਧਕ ਡਾ. ਅਰਪਿਤ ਸ਼ਰਮਾ ਵੀ ਹਾਜ਼ਰ ਸਨ। ਜਾਣਕਾਰੀ ਦਿੰਦੇ ਹੋਏ ਡਾ. ਸ਼ਰਮਾ ਨੇ ਦੱਸਿਆ ਕਿ ਹਸਪਤਾਲ ਵਿਚ ਇੱਕ ਐਮਡੀ ਮੈਡੀਸਨ, ਤਿੰਨ ਸਰਜ਼ਨ, ਹੱਡੀ ਰੋਗ ਮਾਹਿਰ, ਨੱਕ, ਕੰਨ ਅਤੇ ਗਲੇ ਦੇ ਮਾਹਿਰ, ਐਨੀਸਥੀਸੀਆ, ਸਾਈਕ੍ਰੇਟੀ, ਪੈਥੋਲਾਜੀ ਅਤੇ ਹੋਮਿਓਪੈਥੀ ਦੇ ਮਾਹਿਰ ਹਨ। ਇਸ ਤੋਂ ਇਲਾਵਾ ਮੈਡੀਕਲ ਕਾਲਜ ਫਰੀਦਕੋਟ ਤੋਂ ਇਸ ਹਸਪਤਾਲ ਵਿਚ ਡਲੀਵਰੀਆਂ ਵਿਚ ਸਰਜਰੀ ਦੇ ਲਈ ਮਾਹਿਰ ਡਾਕਟਰ ਇੱਥੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਜਲੰਧਰ ਤੋਂ ਬਾਅਦ ਸਿਵਲ ਹਸਪਤਾਲ ਫਾਜ਼ਿਲਕਾ ਹੀ ਅਜਿਹਾ ਹਸਪਤਾਲ ਹੈ, ਜਿੱਥੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਸੀਟੀ ਸਕੈਨ ਮਸ਼ੀਨ ਲੱਗੀ ਹੈ ਜੋ ਪੀਪੀ ਮੋਡ ਦੇ ਤਹਿਤ ਚਲਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਆਰਥਿਕ ਲਾਭ ਮਿਲ ਰਿਹਾ ਹੈ ਅਤੇ ਇਸ ਸਾਲ ਹੁਣ ਤੱਕ 859 ਲੋਕ ਇਸ ਤੋਂ ਲਾਭ ਲੈ ਚੁੱਕੇ ਹਨ। ਹੈਪੇਟਾਈਟਸ ਸੀ ਦੇ 597 ਮਰੀਜ਼ਾਂ ਨੂੰ ਲੱਖਾਂ ਰੁਪਏ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਇਸਦੇ ਨਾਲ ਹਸਪਤਾਲ ਵਿਚ ਇਨਾ ਸਵੈਇੱਛਕ ਖੂਨਦਾਨ ਹੁੰਦਾ ਹੈ ਕਿ ਜ਼ਰੂਰਤਮੰਦਾਂ ਨੂੰ ਸਾਰਾ ਸਾਲ 24 ਘੰਟੇ ਮੁਫ਼ਤ ਖੂਨ ਮੁਹੱਈਆ ਹੁੰਦਾ ਹੈ। ਐਚਆਈਵੀ, ਏਡਸ ਅਤੇ ਐਸ ਟੀਡੀ ਬਿਮਾਰੀਆਂ ਸਬੰਧੀ ਕੌਂਸਲਿੰਗ ਦੇ ਲਈ ਕੌਂਸਲਰ ਮੁਹੱਈਆ ਹਨ। ਸ਼ਹਿਰ ਦੇ ਸਲਮ ਏਰੀਆ ਦੇ ਲਈ 8 ਏਐਨਐਮ ਅਤੇਤ 26 ਆਸ਼ਾ ਵਰਕਰ ਕੰਮ ਕਰ ਰਹੇ ਹਨ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਓਪੀਡੀ ਵਿਚ ਹੁਣ ਤੱਕ 89386, ਦਾਖ਼ਲ 11476, ਅਮਰਜੰਸੀ 6242 ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ। ਇਸ ਤੋਂ ਇਲਾਵਾ ਸਰਜ਼ਨ ਮੁਹੱਈਆ ਹੋੋਣ ਕਾਰਨ 1245 ਵੱਡੇ ਅਤੇ 2984 ਛੋਟੇ ਅਪ੍ਰੇਸ਼ਨ ਕੀਤੇ ਗਏ, 2962 ਡਲੀਵਰੀਆਂ ਹੋਈਆਂ ਜਿਨ੍ਹਾਂ ਵਿਚੋਂ 2205 ਨਾਰਮਲ ਅਤੇ 727 ਸਿਜੇਰੀਅਨ ਡਲੀਵਰੀਆਂ ਕੀਤੀਆਂ ਗਈਆਂ। ਇਸਦੇ ਨਾਲ ਹੀ 9902 ਐਕਸਰੇ, 3831 ਈਸੀਜੀ ਅਤੇ 2,60,246 ਟੈਸਟ ਕੀਤੇ ਜਾ ਚੁੱਕੇ ਹਨ। ਇਸਦੇ ਨਾਲ ਹੀ ਸਿਵਲ ਹਸਪਤਾਲ ਫਾਜ਼ਿਲਕਾ ਵਿਚ ਡਾਯਲਾਸਿਸ ਦੀ ਸੁਵਿਧਾ ਵੀ ਮੁਹੱਈਆ ਹੈ ਅਤੇ 203 ਵਿਅਕਤੀ ਇਸ ਸੁਵਿਧਾ ਦਾ ਲਾਭ ਲੈ ਰਹੇ ਹਨ।
Punjab Post Daily Online Newspaper & Print Media