
ਅੰਮ੍ਰਿਤਸਰ, 22 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ 6 ਹਜ਼ਾਰ ਕਰੋੜ ਤੋਂ ਵੱਧ ਦੀ ਰਾਸ਼ੀ ਸ਼ਹਿਰਾਂ ਦੇ ਵਿਕਾਸ ’ਚ ਲਗਾਈ ਹੈ, ਜਿਸ ਵਿਚ ਸੀਵਰੇਜ, ਪਾਣੀ, ਸੜਕਾਂ ਅਤੇ ਹੋਰ ਕੰਮ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ ਦਾ ਵਿਕਾਸ ਉਥੋਂ ਦੀ ਲੋੜ ਅਨੁਸਾਰ ਲੋਕ ਰਾਏ ਲੈ ਕੇ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਨੇ ਅੱਜ ਆਪਣੀ ਰਿਹਾਇਸ਼ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦਾ ਕੀਤਾ ਗਿਆ ਵਿਕਾਸ ਮੂੰਹੋਂ ਬੋਲਦਾ ਹੈ ਅਤੇ ਸਾਲ 2007 ਤੋਂ ਪਹਿਲਾਂ ਅਤੇ ਅੱਜ ਦੇ ਅੰਮ੍ਰਿਤਸਰ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ।ਉਨ੍ਹਾਂ ਕਿਹਾ ਕਿ ਲੋਕ ਅੱਜ ਗੁਰੂ ਨਗਰੀ ਦੇ ਦਰਸ਼ਨ ਕਰਨ ਲਈ ਹੁੰਮ-ਹੁੰਮਾ ਕੇ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਇਥੇ ਸਰਕਾਰ ਵੱਲੋਂ ਕਰਵਾਏ ਵੱਖ-ਵੱਖ ਵਿਕਾਸ ਕੰਮਾਂ ਦੀ ਸਹੂਲਤ ਵੀ ਮਿਲ ਰਹੀ ਹੈ।
ਸ੍ਰੀ ਜੋਸ਼ੀ ਨੇ ਇਸ ਮੌਕੇ ਨਗਰ ਸੁਧਾਰ ਟਰੱਸਟ ਦੀ ਸਕੀਮ ਵਿਚੋਂ ਪਲਾਟ ਲੈਣ ਵਾਲੇ ਅੱਠ ਪਲਾਟ ਧਾਰਕਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਛੋਟ ਪੱਤਰ ਦੇ ਕੇ ਉਨ੍ਹਾਂ ਨੂੰ ਜਾਇਦਾਦ ਦਾ ਮਾਲਕ ਬਣਾਇਆ।ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ, ਜੋ ਵਿਭਾਗ ਦੀਆਂ ਲਾਪਰਵਾਹੀਆਂ ਕਰਕੇ ਆਪਣੀ ਜਾਇਦਾਦ ਤੋਂ ਵਿਰਵੇ ਹੋ ਰਹੇ ਸਨ ਅਤੇ ਕਈ ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਨ।ਪਰ ਉਨ੍ਹਾਂ ਨੇ ਇਨ੍ਹਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਸਰਕਾਰ ਤੱਕ ਪਹੁੰਚ ਕਰਕੇ ਉਕਤ ਛੋਟ ਦੇ ਕੇ ਇਨ੍ਹਾਂ ਨੂੰ ਜਾਇਦਾਦ ਦਾ ਮਾਲਕ ਬਣਾਇਆ ਹੈ। ਜੋਸ਼ੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਰਾਜਸੀ ਵਿਰੋਧੀ ਜੋ ਮਰਜ਼ੀ ਚਿੱਕੜ ਉਛਾਲਦੇ ਰਹਿਣ ਪਰ ਉਨ੍ਹਾਂ ਨੂੰ ਇਹ ਸਕੂਨ ਹੈ ਕਿ ਮੈਂ ਲੋਕਾਂ ਦਾ ਨੁਮਾਇੰਦਾ ਬਣਕੇ ਆਪਣੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਲੋਕ ਮਸਲੇ ਹੱਲ ਕੀਤੇ ਹਨ।ਜੋਸ਼ੀ ਨੇ ਕਿਹਾ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਤਾਂ ਉਨ੍ਹਾਂ ਦਾ ਨੈਤਿਕ ਫਰਜ਼ ਹੈ ਕਿ ਉਹ ਇਨ੍ਹਾਂ ਦੇ ਵੱਧ ਤੋਂ ਵੱਧ ਮਸਲੇ ਹੱਲ ਕਰਵਾਉਣ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media