ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ ਖੁਰਮਣੀਆ)- ਉਘੇ ਅਰਥ ਸ਼ਾਸ਼ਤਰੀ ਅਤੇ ਸੈਂਟਰ ਫ਼ਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿਡ), ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਜਨਰਲ ਸ: ਸੁੱਚਾ ਸਿੰਘ ਗਿੱਲ ਨੇ ਅੱਜ ਦੇਸ਼ ’ਚ ਨੋਟਬੰਦੀ ਨੂੰ ਸਹੀ ਢੰਗ ਨਾਲ ਲਾਗੂ ਕਰਨ ’ਤੇ ਸਵਾਲ ਉਠਾਏ। ਉਨ੍ਹਾਂ ਨੇ ਖ਼ਾਲਸਾ ਯੂਨੀਵਰਸਿਟੀ ਵਿਖੇ ਨੋਟਬੰਦੀ ’ਤੇ ਸੈਮੀਨਾਰ ’ਚ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਨੋਟਬੰਦੀ ਸਬੰਧੀ ਜੋ ਟੀਚੇ ਮਿੱਥੇ ਸਨ ਉਹ ਅਜੇ ਵੀ ਸੰਪੂਰਨ ਕਰਨੇ ਬਾਕੀ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਲੇ ਧਨ, ਭ੍ਰਿਸ਼ਟਾਚਾਰ, ਜਾਅਲੀ ਨੋਟ ਅਤੇ ਅੱਤਵਾਦ ਨੂੰ ਖ਼ਤਮ ਕਰਨ ਲਈ ਅਜਿਹੇ ਕਦਮ ਨੂੰ ਚੁੱਕਿਆ, ਪਰ ਇਸ ਕਦਮ ਨਾਲ ਦੇਸ਼ ਦੀਆਂ ਆਰਥਿਕ ਕਿਰਿਆਵਾਂ ’ਚ ਬੇਲੋੜੀ ਦਖ਼ਲ ਅੰਦਾਜ਼ੀ ਵੱਧ ਗਈ ਹੈ। ਸ: ਗਿੱਲ ਨੇ ਕਿਹਾ ਕਿ ਗੈਰ ਆਰਥਿਕ ਕਾਰਨਾਂ ਕਰਕੇ ਆਰਥਿਕ ਨੀਤੀ ਦਾ ਫ਼ੈਸਲਾ ਲਿਆ ਗਿਆ, ਜਿਸਦੇ ਘਾਤਕ ਨਤੀਜੇ ਸਾਹਮਣੇ ਆਉਣੇ ਲਾਜ਼ਮੀ ਸਨ। ਸਰਕਾਰ ਨੂੰ ਅਜਿਹਾ ਫ਼ੈਸਲਾ ਲੈਣ ਤੋਂ ਪਹਿਲਾਂ ਸਲਾਹ ਮਸ਼ਵਰਾ ਅਤੇ ਵਾਦ-ਵਿਵਾਦ ਕਰਨਾ ਚਾਹੀਦਾ ਸੀ।
ਸੈਮੀਨਾਰ ਮੰਨ੍ਹੇ ਪ੍ਰਮੰਨ੍ਹੇ ਅਰਥ ਸ਼ਾਸ਼ਤਰੀ ਪ੍ਰੋ: ਸ਼ਤੀਸ਼ ਵਰਮਾ ਨੇ ਵੀ ਨੋਟਬੰਦੀ ਸਬੰਧੀ ਭਾਰਤ ਦੇ ਸੰਯੁਕਤ ਘਰੇਲੂ ਉਤਪਾਦ (ਜੀ. ਡੀ. ਪੀ.) ’ਤੇ ਬੁਰ੍ਹੇ ਪ੍ਰਭਾਵਾਂ ਬਾਰੇ ਚਿਤਾਇਆ। ਸੈਮੀਨਾਰ ਦਾ ਅਗਾਜ਼ ’ਵਰਸਿਟੀ ਦੇ ਪ੍ਰੋ: ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ ਜਿਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਨੋਟਬੰਦੀ ਦੇ ਫੈਸਲੇ ਨੂੰ ਦਲੇਰਾਨਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ’ਚ ਡਿਜ਼ੀਟਲ ਪੈਸੇ ਦੇ ਅਦਾਨ ਪ੍ਰਦਾਨ ਨੂੰ ਪ੍ਰਫੁਲਿੱਤ ਕਰਨ, ਕਾਲੇ ਧਨ ਨੂੰ ਖ਼ਤਮ ਕਰਨ ਅਤੇ ਜਾਅਲੀ ਕਰੰਸੀ ਨੂੰ ਨਸ਼ਟ ਕਰਨ ਲਈ ਇਹ ਕਦਮ ਉਠਾਉਣਾ ਜਰੂਰੀ ਸੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਜਰੂਰ ਮੁਸ਼ਕਿਲਾਂ ਆਈਆਂ ਹਨ ਪਰ ਉਹ ਜਲਦ ਹੀ ਠੀਕ ਹੋ ਜਾਣ ਦੇ ਅਸਾਰ ਨਜ਼ਰ ਆ ਰਹੇ ਹਨ। ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ ਨੇ ਕਿਹਾ ਕਿ ਸੈਮੀਨਾਰ ਦੇ ਰਾਹੀਂ ਇੱਕ ਗੱਲ ਉਭਰਕੇ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਲੋਕ ਅਤੇ ਸਰਕਾਰ ਨੋਟਬੰਦੀ ਲਈ ਤਿਆਰ ਨਹੀਂ ਸਨ, ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਪੱਤਰਕਾਰ ਸ: ਵਰਿੰਦਰ ਵਾਲੀਆ ਨੇ ਕਿਹਾ ਕਿ ਨੋਟਬੰਦੀ ਦਾ ਮਸਲਾ ਤਾਂ ਇੰਝ ਲੱਗ ਰਿਹਾ ਹੈ ਜਿਵੇਂ ਕੋਈ ਜੰਗ ਲੱਗ ਗਈ ਹੋਵੇ। ਇਸਦੇ ਕੁਝ ਫ਼ਾਇਦੇ ਵੀ ਹਨ ਅਤੇ ਨੁਕਸਾਨ ਵੀ ਹਨ। ਪ੍ਰੰਤੂ ਇਹ ਘਾਟਾ ਥੁੜ੍ਹ ਚਿਰਾ ਹੈ ਅਤੇ ਭਵਿੱਖ ’ਚ ਇਸਦੇ ਫ਼ਾਇਦੇ ਵੀ ਹੋ ਸਕਦੇ ਹਨ ਅਤੇ ਲੋਕਤੰਤਰ ਨੂੰ ਕਾਇਮ ਰੱਖਣ ਲਈ ਨੋਟਬੰਦੀ ਦੇ ਫ਼ੈਸਲੇ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ। ਸੈਮੀਨਾਰ ’ਚ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਵਿੱਦਿਅਕ ਖੇਤਰ ਦੇ ਨਾਲ-ਨਾਲ ਸਮਾਜਿਕ ਖੇਤਰ ’ਚ ਅਹਿਮ ਸਮੱਸਿਆਵਾਂ ਦੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਆਪਣੀ ਭੂਮਿਕਾ ਕਰਦੀ ਰਹੇਗੀ ਅਤੇ ਨੋਟਬੰਦੀ ਦੀ ਸਕੀਮ ਨੂੰ ਲਾਗੂ ਕਰਨ ਅਤੇ ਇਸਦੇ ਰਸਤੇ ’ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਅੱਗੇ ਤੋਂ ਵੀ ਅਜਿਹੇ ਹੋਰ ਸੈਮੀਨਾਰਾਂ ਦਾ ਆਯੋਜਨ ਕਰੇਗੀ। ਇਸ ਮੌਕੇ ਡਾ. ਚਾਹਲ ਨੇ ਸੈਮੀਨਾਰ ਦੇ ਸਫ਼ਲਤਾਪੂਰਵਕ ਆਯੋਜਨ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰੋਗਰਾਮ ਦੇ ਅੰਤ ’ਚ ਡਾ. ਚਾਹਲ ਅਤੇ ਡਾ. ਢਿੱਲੋਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਧੰਨਵਾਦ ਕੀਤਾ। ਸੈਮੀਨਾਰ ’ਚ ਡੀਨ ਸਟੂਡੈਂਟ ਵੈਲਫ਼ੇਅਰ ਡਾ. ਸੁਖਬੀਰ ਕੌਰ ਮਾਹਲ, ਡੀਨ ਅਕਾਦਮਿਕ ਡਾ. ਰਘੁਬੀਰ ਸਿੰਘ, ਡਾ. ਜਸਪਾਲ ਸਿੰਘ, ਡੀ. ਐਸ. ਰ{ਟੌਲ, ਡਾ. ਮਨਿੰਦਰ ਕੌਰ, ਡਾ. ਦੀਪਿਕਾ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media