Monday, February 23, 2026

ਡਰਾਮਿਆਂ ਨਾਲ ਭਰਿਆ ਪਿਆ ਹੈ ਕੈਪਟਨ ਅਮਰਿੰਦਰ ਸਿੰਘ ਦਾ ਰਾਜਸੀ ਜੀਵਨ – ਮਜੀਠੀਆ

ppn2512201620
ਮਜੀਠਾ, 25 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜਸੀ ਜੀਵਨ ਡਰਾਮਿਆਂ ਨਾਲ ਭਰਿਆ ਪਿਆ ਹੈ ਅਤੇ ਨਿੱਜੀ ਲਾਭ ਲਈ ਉਹ ਕਦੀ ਇੱਧਰ ਤੇ ਕਦੀ ਉਧਰ ਪਾਲੇ ਬਦਲਣ ਵਾਲਾ ਹੈ।ਇਸ ਲਈ ਉਸ ਦੀ ਕਿਸੇ ਵੀ ਗੱਲ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ।ਉਹਨਾਂ ਕਿਹਾ ਕਿ ਲਗਾਤਾਰ ਤੀਜੀ ਵਾਰ ਗੱਠਜੋੜ ਦੀ ਸਰਕਾਰ ਆਉਣ ’ਤੇ ਮਿਲ ਰਹੀਆਂ ਸਹੂਲਤਾਂ ਵਿੱਚ ਵੱਡਾ ਇਜ਼ਾਫਾ ਹੋਵੇਗਾ।
ਮਜੀਠੀਆ ਅੱਜ ਹਲਕਾ ਮਜੀਠਾ ਵਿਖੇ ਕਾਂਗਰਸ ਨੂੰ ਗਹਿਰਾ ਝਟਕਾ ਦਿੰਦਿਆਂ ਪਿੰਡ ਡੱਡੀਆਂ ’ਚ ਲੰਮੇ ਸਮੇਂ ਤੋਂ ਕਾਂਗਰਸ ਦੇ ਝੰਡਾਬਰਦਾਰ ਰਹੇ ਦਰਜਨਾਂ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਾਉਣ ਆਏ ਸਨ। ਉਹਨਾਂ ਦੱਸਿਆ ਕਿ ਇਹ ਪਰਿਵਾਰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕੇ ਹੋਏ ਸਨ ਅਤੇ ਅਕਾਲੀ ਦਲ ਵੱਲੋਂ ਕਰਾਏ ਗਏ ਵਿਕਾਸ ਅਤੇ ਗਰੀਬ ਵਰਗ ਦੇ ਹਿਤਾਂ ਲਈ ਚਲਾਈਆਂ ਜਾ ਰਹੀਆਂ ਵੈਲਫੇਅਰ ਸਕੀਮਾਂ ਤੋਂ ਪ੍ਰਭਾਵਿਤ ਹੋਕੇ ਅਕਾਲੀ ਦਲ ’ਚ ਆਏ ਹਨ।
ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਲੋਕਾਂ ਦੇ ਜਜ਼ਬਾਤਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਉਹ ਨਿਰਾਸ਼ ’ਚ ਅਜਿਹੀਆਂ ਧਮਕੀਆਂ ਦੇਣ ‘ਤੇ ਉੱਤਰ ਆਇਆ ਹੈ ਕਿ ਜੇਕਰ ਕਾਂਗਰਸ ਸੱਤਾ ਵਿੱਚ ਆ ਗਈ ਤਾਂ ਉਹ ਬਾਦਲ ਸਰਕਾਰ ਦੁਆਰਾ ਲਏ ਗਏ ਲੋਕ ਭਲਾਈ ਦੇ ਸਾਰੇ ਫੈਸਲਿਆਂ ਰੱਦ ਕਰ ਦੇਵੇਗਾ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਇੱਕ ਪਾਸੇ ਲਾਰਿਆਂ ਦੀ ਸਿਆਸਤ ਕਰ ਰਿਹਾ ਹੈ ਤਾਂ ਦੂਜੇ ਪਾਸੇ ਜਦ ਵੀ ਪੰਜਾਬ ਦੇ ਭਲੇ ਲਈ ਕੋਈ ਫੈਸਲਾ ਲੈਣ ਦਾ ਵੇਲਾ ਆਉਂਦਾ ਹੈ ਤਾਂ ਉਹ ਉਸਾਰੂ ਰੋਲ ਨਿਭਾਉਣ ਦੀ ਥਾਂ ਵਿਰੋਧ ’ਚ ਖੜ ਜਾਂਦੇ ਹਨ।ਉਹਨਾਂ ਕਿਹਾ ਕਿ ਮੁਲਾਜ਼ਮ ਪੱਕੇ ਹੋ ਰਹੇ ਹਨ ਤਾਂ ਕੈਪਟਨ ਨੂੰ ਕਿਉਂ ਤਕਲੀਫ਼ ਹੋਈ ਇਸ ’ਚ ਉਸ ਦਾ ਕੀ ਨੁਕਸਾਨ ਸੀ, ਜੋ ਅੱਜ ਮੁਲਾਜ਼ਮਾਂ ਦੇ ਉਲਟ ਖਲੋ ਗਏ।ਇਸ ਤੋਂ ਪਹਿਨਾਂ ਕੈਪਟਨ ਨੇ ਐੱਸ ਵਾਈ ਐੱਲ ਦੇ ਮੁੱਦੇ ’ਤੇ ਵਿਧਾਨ ਸਭਾ ਇਜਲਾਸ ਦਾ ਵਿਰੋਧ ਕੀਤਾ, ਜਿਸ ਨਹਿਰ ਨੂੰ ਉਹਨਾਂ ਇੰਦਰਾ ਗਾਂਧੀ ਨੂੰ ਸਦਾ ਦੇ ਕੇ ਖੁਦਵਾਇਆ ਤੇ ਅੱਜ ਡਰਾਮੇ ਕਰ ਰਿਹਾ ਹੈ।ਮਜੀਠੀਆ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਐਸ.ਵਾਈ.ਐਲ ਪ੍ਰਤੀ ਜੋ ਸਟੈਂਡ 1982 ’ਚ ਸੀ ਉਹੀ ਅੱਜ ਹੈ।ਜਿਸ ਦੇ ਖ਼ਿਲਾਫ਼ ਉਹ ਲੜੇ ਸਨ ਅੱਜ ਉਸ ਮੁੱਦੇ ਨੂੰ ਜੜ੍ਹੋਂ ਮੁਕਾਉਂਦਿਆਂ ਨਹਿਰ ਦੀ ਸਾਰੀ ਜ਼ਮੀਨ ਕਿਸਾਨਾਂ ਦੇ ਹਵਾਲੇ ਵਾਪਸ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਪੂਰੇ ਹੁੰਦੇ ਜਾ ਰਹੇ ਹਨ।ਉਹਨਾਂ ਸਵਾਲ ਕੀਤਾ ਕਿ ਕਾਂਗਰਸ ਨੇ 50 ਸਾਲ ਰਾਜ ਕੀਤਾ ਕੀ ਉਹਨਾਂ ਡੇਰਿਆਂ ਦੇ ਰਸਤੇ ਪੱਕੇ ਕਰ ਬਾਰੇ ਸੋਚਿਆ? ਪਿੰਡਾਂ ਦੇ ਬਜਾਰ ਪੱਕੇ ਕੀਤੇ? ਪਿੰਡਾਂ ਅਤੇ ਡੇਰਿਆਂ ਨੂੰ 24 ਘੰਟੇ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ? ਉਹਨਾਂ ਕਿਹਾ ਕਿ ਕਾਂਗਰਸ ਚਾਹੁੰਦੀ ਤਾਂ ਸਭ ਕੁੱਝ ਕਰ ਸਕਦੀ ਸੀ, ਪਰ ਉਹਨਾਂ ’ਚ ਆਪਣੇ ਹੀ ਲੋਕਾਂ ਪ੍ਰਤੀ ਇਮਾਨਦਾਰੀ ਦੀ ਕਮੀ ਸੀ।
ਕੇਜਰੀਵਾਲ ਬਾਰੇ ਪੁੱਛੇ ਜਾਣ ’ਤੇ ਮਜੀਠੀਆ ਨੇ ਕਿਹਾ ਕਿ ਕਿਸੇ ਬੰਦੇ ਦੀ ਗਲ ਕਰਿਆ ਕਰੋ ਕੇਜਰੀਵਾਲ ਦਾ ਚੈਪਟਰ ਪੰਜਾਬ ਵਿੱਚ ਵੀ ਕਲੋਜ਼ ਹੋ ਚੁੱਕਿਆ ਹੈ ਜਿਵੇਂ ਦਿੱਲੀ ’ਚ ਹੋਇਆ।ਉਹਨਾਂ ਕਿਹਾ ਕਿ ਅੱਜ ਉਹ (ਕੇਜਰੀਵਾਲ) ਨਾ ਤਿੰਨਾਂ ’ਚ ਹੈ ਨਾ ਤੇਰਾਂ ’ਚ, ਨਾ ਪਲੇਅਰਾਂ ’ਚ ਹੀ ਨਾ ਸਪੇਅਰਾਂ ’ਚ। ਸੱਤਾ ਪ੍ਰਾਪਤੀ ਲਈ ਅਮੀਰਾਂ ਨੂੰ ਟਿਕਟਾਂ ਵੇਚ ਕੇ ਇਮਾਨਦਾਰੀ ਅਤੇ ਅਸੂਲਾਂ ਨੂੰ ਖਤਮ ਕਰਨ ਵਾਲਾ ਅੱਜ ਆਪ ਹੀ ਲੋਕ ਮਨਾਂ ’ਚੋ ਖਤਮ ਹੋ ਗਿਆ।
ਇਸ ਮੌਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਰਜਿੰਦਰ ਸਿੰਘ ਠੇਕੇਦਾਰ, ਨਾਨਕ ਸਿੰਘ, ਮਨਜੀਤ ਸਿੰਘ, ਫ਼ਤਿਹ ਸਿੰਘ, ਦਰਸ਼ਨ ਸਿੰਘ, ਸੁਖਾ ਸਿੰਘ, ਪਰਮਜੀਤ ਸਿੰਘ ਸਮੇਤ ਦਰਜਨਾਂ ਪਰਿਵਾਰਾਂ ਨੂੰ ਮਜੀਠੀਆ ਨੇ ਸਨਮਾਨਿਤ ਕਰਦਿਆਂ ਭਰਪੂਰ ਸਵਾਗਤ ਕੀਤਾ।ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਮਨਪ੍ਰੀਤ ਉਪਲ, ਸਰਪੰਚ ਕੁਲਵਿੰਦਰ ਸਿੰਘ, ਸੱਜਣ ਸਿੰਘ, ਜਗੀਰ ਸਿੰਘ ਸਾਬਕਾ ਸਰਪੰਚ, ਗਗਨਦੀਪ ਸਿੰਘ ਭਕਨਾ, ਬਖਸ਼ੀਸ ਸਿੰਘ ਨੰਬਰਦਾਰ, ਅਜੀਤ ਸਿੰਘ, ਡਾ: ਰੁਪਿੰਦਰ ਸਿੰਘ, ਅਮਰੀਕ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਨਾਨਕ ਸਿੰਘ ਮਜੀਠਾ, ਦੁਰਗਾ ਦਾਸ, ਬਲਬੀਰ ਚੰਦੀ, ਦਿਲਜੋਤ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply