Monday, February 23, 2026

ਮਾਨ ਤੇ ਉਸ ਦੇ ਸਮਰੱਥਕਾਂ ਨੇ ਹੁੱਲੜਬਾਜੀ ਕਰਕੇ ਆਪਣਾ ਅਸਲ ਚਿਹਰਾ ਦਿਖਾਇਆ- ਜਥੇ: ਅਵਤਾਰ ਸਿੰਘ

PPN070610
ਅੰਮ੍ਰਿਤਸਰ, 7 ਜੂਨ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦੀ ਸਮਾਗਮ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਦੀ ਘਟਨਾ ਅਤਿਅੰਤ ਨਿੰਦਣਯੋਗ ਅਤੇ ਮੰਦਭਾਗੀ ਹੈ। ਸਿੱਖਾਂ ਦੇ ਸਰਬਉੱਚ ਅਸਥਾਨ ਤੇ ਸਿੱਖੀ ਭੇਸ ਵਿੱਚ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਕੇ ਮਰਯਾਦਾ ਭੰਗ ਕਰਨੀ ਕਿਸੇ ਪਾਸਿਓ ਵੀ ਜਾਇਜ਼ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੱਤਾ ਗਿਆ। ਪਰ ਪੰਥ ਵਿਰੋਧੀ ਲੋਕਾਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਸਮਾਗਮ ਸਮਾਪਤ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਯਾਦਾ ਦੀ ਉਲੰਘਣਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਪੰਜ ਪਿਆਰਿਆ ਨਾਲ ਬਦਸਲੂਕੀ ਕੀਤੀ ਗਈ ਜੋ ਕਿਸੇ ਤਰ੍ਹਾਂ ਵੀ ਬਰਦਾਸ਼ਤ ਯੋਗ ਨਹੀਂ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਘਟਨਾ ਲਈ ਸਿਮਰਨਜੀਤ ਸਿੰਘ ਮਾਨ, ਅਮਰੀਕ ਸਿੰਘ ਅਜਨਾਲਾ ਅਤੇ ਇਨ੍ਹਾਂ ਦੇ ਸਾਥੀ ਮੁੱਖ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੇ ਉਸ ਦੇ ਸਾਥੀਆਂ ਦੀ ਹਰ ਸਾਲ ਇਹ ਮਨਸ਼ਾ ਹੁੰਦੀ ਹੈ ਕਿ ਸ਼ਹੀਦਾਂ ਦੇ ਸ਼ਰਧਾਜਲੀ ਸਮਾਗਮ ਵਿੱਚ ਖਲਲ ਪਾ ਕੇ ਮਾਹੌਲ ਖਰਾਬ ਕੀਤਾ ਜਾਵੇ। ਇਸ ਵਾਰ ਵੀ ਇਸੇ ਮਨਸ਼ਾ ਤਹਿਤ ਹੀ ਉਸ ਵੱਲੋਂ ਸਪੀਕਰ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦੇ ਸਾਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਕਿਰਪਾਨਾਂ ਚਲਾ ਕੇ ਤਖਤ ਸਾਹਿਬ ਦੀ ਪਵਿੱਤਰਤਾ ਅਤੇ ਮਰਯਾਦਾ ਨੂੰ ਭੰਗ ਕੀਤਾ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਗੁਰੂ-ਘਰ ਦੀ ਮਰਯਾਦਾ ਦਾ ਉਲੰਘਣ ਕਰਨ ਵਾਲਿਆਂ ਨੂੰ ਕਦੀ ਵੀ ਮੁਆਫ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਾਂਤੀ ਪਸੰਦ ਧਰਮ ਹੈ ਪਰ ਅਜਿਹੇ ਲੋਕਾਂ ਦੀਆਂ ਮੂਰਖਾਨਾਂ ਹਰਕਤਾਂ ਕਾਰਨ ਸਿੱਖਾਂ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਰਸੇ ਤੋਂ ਚੱਲਦੀ ਆ ਰਹੀ ਪਰੰਪਰਾ ਅਨੁਸਾਰ ਇਸ ਦਿਹਾੜੇ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਸੰਬੋਧਨ ਕਰਦੇ ਆ ਰਹੇ ਹਨ। ਤਖਤ ਸਾਹਿਬ ਤੋਂ ਹੋਰ ਕਿਸੇ ਨੂੰ ਵੀ ਸੰਬੋਧਨ ਦੀ ਆਗਿਆ ਨਹੀਂ ਹੈ, ਪਰ ਸਿਮਰਨਜੀਤ ਸਿੰਘ ਮਾਨ ਪਤਾ ਨਹੀਂ ਹਰ ਵਾਰ ਕਿਉਂ ਮਨਮਰਜ਼ੀ ਕਰਦਿਆਂ ਬੋਲਣ ਲਈ ਨਜ਼ਾਇਜ ਢੰਗ ਤਰੀਕੇ ਅਪਨਾਉਦਾ ਹੈ। ਜਥੇਦਾਰ ਅਵਤਾਰ ਸਿੰਘ ਨੇ ਸ.ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਅਜਿਹੀ ਕਿਹੜੀ ਗੱਲ ਕਰਨਾ ਚਾਹੁੰਦੇ ਹਨ ਜਿਹੜੀ ਹੋਰਨਾਂ ਸਾਧਨਾਂ ਦੁਆਰਾ ਨਹੀਂ ਕਰ ਸਕਦੇ। ਉਨ੍ਹਾਂ ਵਿਸਥਾਰਤ ਰੂਪ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਅਕਸਰ ਹੀ ਸ਼ਤਾਬਦੀਆਂ ਅਤੇ ਵੱਡੇ ਪੰਥਕ ਸਮਾਗਮਾਂ ਦੌਰਾਨ ਹੁੱਲੜਬਾਜੀ ਕਰ ਕੇ ਆਪਣਾ ਅਸਲ ਚਿਹਰਾ ਸਿੱਖ ਸੰਗਤਾਂ ਸਾਹਮਣੇ ਪੇਸ਼ ਕੀਤਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਉਸ ਦੀ ਮਨਸ਼ਾ ਕੇਵਲ ਤੇ ਕੇਵਲ ਪੰਥਕ ਪ੍ਰੋਗਰਾਮਾਂ ਨੂੰ ਤਾਰਪੀਡੋ ਕਰਨਾ ਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਮਾਨ ਅਜਿਹੀਆਂ ਬੇਹੁਦਰੀਆਂ ਕਰਕੇ ਵਿਦੇਸ਼ਾਂ ਤੋਂ ਮਾਇਆ ਤਾਂ ਇਕੱਠੀ ਕਰ ਸਕਦਾ ਹੈ ਪਰ ਵਿਸ਼ਵ ਪੱਧਰ ‘ਤੇ ਕੌਮ ਦੇ ਅਕਸ ਨੂੰ ਢਾਹ ਲਗਾਉਣ ਦੀ ਜਿੰਮੇਵਾਰੀ ਤੋਂ ਉਹ ਮੂੰਹ ਨਹੀਂ ਮੋੜ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਕਤੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਦੇ ਵੀ ਉਨ੍ਹਾਂ ਦੀਆਂ ਹਰਕਤਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਅਵੱਸ਼ ਹੋਵੇਗੀ। ਉਨ੍ਹਾਂ ਇਸ ਘਟਨਾਂ ਲਈ ਜਿੰਮੇਵਾਰ ਮੁਖ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਵੀ ਫੌਰੀ ਮੰਗ ਕੀਤੀ ਹੈ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply