
ਅੰਮ੍ਰਿਤਸਰ, 28 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ 9ਵੇਂ ਦਿਨ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ, ਅਯੁੱਧਿਆ, ਜ਼ਿਲ੍ਹਾ ਫੈਜ਼ਾਬਾਦ, (ਉੱਤਰ ਪ੍ਰਦੇਸ਼) ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ। ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ ਵਿਖੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਭਾਈ ਸਤਵੰਤ ਸਿੰਘ ਪ੍ਰਚਾਰਕ ਨੇ ਕੀਤੀ ਉਪਰੰਤ ਹੁਕਮਨਾਮਾ ਲਿਆ। ਸਤਿਨਾਮੁ-ਵਾਹਿਗੁਰੂ ਦਾ ਜਾਪੁ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਚਾਨਣ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ-ਕੀਰਤਨ ਦਸਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਲਈ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ।
ਇਸ ਮੌਕੇ ‘ਤੇ ਚਾਨਣ ਸਿੰਘ ਮੀਤ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦੇਂਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਿੱਖ ਜਥੇਬੰਦੀਆਂ ਦੇ ਇਲਾਵਾ, ਗੈਰ ਸਿੱਖ ਜਥੇਬੰਧੀਆਂ ਜਿਨ੍ਹਾਂ ਨਗਰ-ਕੀਰਤਨ ਵਿੱਚ ਸੰਗਤਾਂ ਨਾਲ ਸਹਿਯੋਗ ਕੀਤਾ ਅਤੇ ਪੰਜਾਬ ਪੁਲੀਸ ਤੇ ਯੂ ਪੀ ਪੁਲੀਸ ਜਿਨ੍ਹਾਂ ਸਾਰਾ ਰਸਤਾ ਬੜੇ ਹੀ ਸੁਚੱਜੇ ਢੰਗ ਨਾਲ ਸਕਿਉਰਟੀ ਦੀ ਸੇਵਾ ਨਿਭਾਈ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੀਲੇ ਦੇ ਸ਼ਾਹ ਅਸਵਾਰ , ਸਰਬੰਸ ਦਾਨੀ, ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਵਿਚ ਇਹ ਸਥਾਪਿਤ ਤੇ ਸਾਬਤ ਕਰ ਦਿੱਤਾ ਕਿ ਹਲਤ-ਪਲਤ ਸੰਵਾਰਨ ਲਈ ਮੀਰੀ-ਪੀਰੀ, ਭਗਤੀ-ਸ਼ਕਤੀ ਗਿਆਨ ਤੇ ਸਤਾ ਦਾ ਸੁਖਾਵਾਂ ਸੁਮੇਲ ਜਰੂਰੀ ਹੈ। ਖਾਲਸਾ-ਪੰਥ ਨੂੰ ਪ੍ਰਗਟ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਕਰਾਮਾਤ ਸੀ, ਜਿਸ ਕਰਕੇ ਗਰੀਬ ਸਿੱਖਨ ਨੂੰ ਪਾਤਸ਼ਾਹੀ ਪ੍ਰਾਪਤ ਹੋਈ। ਵਹਿਮਾ-ਭਰਮਾ ਦਾ ਨਾਸ ਕਰਨ ਵਾਸਤੇ ਖੰਡੇ ਬਾਟੇੇ ਦੀ ਪਾਹੁਲ ਛਕਾ ਕੇ ਊਚ-ਨੀਚ, ਗਰੀਬ-ਅਮੀਰ, ਚੇਲੇ-ਗੁਰੂ ਦੀ ਇਕਸਾਰਤਾ ਤੇ ਇਕਸੁਰਤਾ ਕਾਇਮ ਕੀਤੀ। ਗੁਰੂ ਸਾਹਿਬ ਨੇ ਦੁਨਿਆਵੀ ਬਾਦਸ਼ਾਹੀ ਦੀ ਥਾਂ ਰੁਹਾਨੀ ਸਲਤਨਤ ਦੀ ਸਥਾਪਤੀ ਕੀਤੀ। ਗੁਰੂ ਸਾਹਿਬ ਨੇ ਇਸ ਮਹਾਨ ਕ੍ਰਾਂਤੀਕਾਰੀ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਸਮੁੱਚਾ ਪ੍ਰੀਵਾਰ ਹੀ ਅਡੋਲ ਅਤੇ ਕਮਾਲ ਦੇ ਸਹਿਜ ਵਿੱਚ ਰਹਿੰਦਿਆਂ ਕੁਰਬਾਨ ਕਰ ਦਿੱਤਾ। ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਕਲਗੀਧਰ ਦਸਮੇਸ਼ ਪਿਤਾ ਦੇ ਜਨਮ ਦਿਹਾੜੇ ਤੇ ਡੰਮੀ ਗੁਰੂਆਂ ਨੂੰ ਛੱਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਕਿਹਾ।
ਬਾਬਾ ਮਹਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਸੰਗਤਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੇ ਇਲਾਵਾ ਰਜਿੰਦਰ ਸਿੰਘ ਛਾਬੜਾ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।ਉਨ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਚਾਨਣ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਲਖਬੀਰ ਸਿੰਘ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਤੇਜਿੰਦਰ ਸਿੰਘ ਪੱਡਾ, ਸਤਨਾਮ ਸਿੰਘ ਇੰਚਾਰਜ, ਸਤਨਾਮ ਸਿੰਘ ਮੀਤ ਮੈਨੇਜਰ, ਗੁਲਜ਼ਾਰ ਸਿੰਘ ਸੁਪਰਵਾਈਜ਼ਰ, ਬ੍ਰਿਜਪਾਲ ਸਿੰਘ ਇੰਚਾਰਜ ਯੂ ਪੀ ਸਿੱਖ ਮਿਸ਼ਨ ਹਾਪੜ, ਗੁਰਮੀਤ ਸਿੰਘ ਬੁੱਟਰ, ਜਤਿੰਦਰ ਸਿੰਘ ਫੋੇਟੋ ਗ੍ਰਾਫ਼ਰ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਭਾਈ ਜੱਜ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਪ੍ਰਚਾਰਕ, ਭਾਈ ਸਤਨਾਮ ਸਿੰਘ ਦਰਦੀ ਕਵੀਸ਼ਰ, ਭਾਈ ਗੁਰਭੇਜ ਸਿੰਘ ਚਵਿੰਡਾ ਢਾਡੀ ਜਥਾ, ਸਮਸ਼ੇਰ ਸਿੰਘ ਤੇ ਦਿਲਖੁਸ਼ ਸਿੰਘ ਪੀ ਟੀ ਸੀ ਨਿਊਜ਼ ਨੂੰ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਚਾਨਣ ਸਿੰਘ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਨਵਨੀਤ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਰਾਮ ਸਿੰਘ ਡੇਰਾ ਕਰਨਾਲ ਸਿੰਗਰਾ, ਸ: ਰਜਿੰਦਰ ਸਿੰਘ ਛਾਬੜਾ, ਪ੍ਰਿਤਪਾਲ ਸਿੰਘ ਛਾਬੜਾ, ਗੁਰਚਰਨ ਸਿੰਘ, ਮਨਦੀਪ ਸਿੰਘ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਗੁਰਦੁਆਰਾ ਸ੍ਰੀ ਗੁਰੂ ਨਾਨਕ ਗੋਬਿੰਦ ਧਾਮ, ਫੈਜ਼ਾਬਾਦ, ਅਯੁੱਧਿਆ ਤੋਂ ਰਵਾਨਾ ਹੋ ਕੇ ਨਗਰ-ਕੀਰਤਨ ਫੈਜ਼ਪੁਰ, ਸੁਲਤਾਨਪੁਰ, ਪ੍ਰਤਾਪ ਗੜ੍ਹ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਿੰਘ ਸਭਾ ਇਲਾਹਬਾਦ (ਉੱਤਰ ਪ੍ਰਦੇਸ਼) ਵਿਖੇ ਕਰੇਗਾ। ਅੱਜ ਇਲਾਹਬਾਦ ਤੋਂ ਰਵਾਨਾ ਹੋ ਕੇ ਹਨੂੰਮਾਨ ਗੰਜ, ਹੰਡੀਆ, ਗੋਪੀ ਗੰਜ, ਅਰਾਈ ਤੋਂ ਸੱਜੇ ਹੱਥ ਮਿਰਜਾਪੁਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਗੁਰੂ ਬਾਗ, ਵਾਰਾਨਸੀ (ਬਨਾਰਸ) ਉੱਤਰ ਪ੍ਰਦੇਸ਼ ਵਿਖੇ ਹੋਵੇਗਾ।
ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ-ਬਸਤਰਾਂ ਵਾਲੀ ਗੱਡੀ ਜਾ ਰਹੀ ਸੀ। ਜਿਸ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ ਅਤੇ ਹੱਥ ਲਿਖਤ ਪੋਥੀ ਸੁਸ਼ੋਭਿਤ ਹੈ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਿਕ ਹੋ ਕੇ ਅਤੇ ਸ਼ਸਤਰਾਂ-ਬਸਤਰਾਂ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਰਹੀਆਂ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਨਗਾਰਚੀ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵਜਾ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦ-ਕੀਰਤਨੀ ਜਥਿਆਂ, ਗਤਕਾ ਪਾਰਟੀਆਂ ਅਤੇ ਬੈਂਡ ਪਾਰਟੀਆਂ ਨੇ ਸਮੂਲੀਅਤ ਕੀਤੀ। ਸ੍ਰੀ ਗੁਰੂ ਨਾਨਕ ਅਕੈਡਮੀ ਗਰਲਜ਼ ਇੰਟਰ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਅਤੇ ਵਿਦਿਆਰਥਣਾ ਨੇ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖ਼ਾ ਕੀਤੀ ਅਤੇ ਸਕੂਲੀ ਬੈਂਡ ਨਾਲ ਨਗਰ-ਕੀਰਤਨ ਦੀ ਸ਼ੋਭਾ ਵਧਾਈ।ਪਾਲਕੀ ਸਾਹਿਬ ਦੇ ਨਾਲ-ਨਾਲ ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਜਾ ਰਹੀਆਂ ਸਨ।
ਰਸਤੇ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਵੱਲੋਂ ਬੜੀ ਸ਼ਰਧਾ-ਭਾਵਨਾ ਤੇ ਸਤਿਕਾਰ ਸਹਿਤ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬ ਦੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ ਗਏ। ਵੱਖ-ਵੱਖ ਪੜਾਵਾਂ ਤੇ ਸੰਗਤਾਂ ਨੇ ਪ੍ਰਸ਼ਾਦੇ ਦੇ ਲੰਗਰ, ਫਲਾਂ ਦੇ ਲੰਗਰ, ਮਠਿਆਈਆਂ ਅਤੇ ਚਾਹ ਦੇ ਲੰਗਰ ਲਗਾ ਕੇ ਨਗਰ-ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦੀ ਸੇਵਾ ਕੀਤੀ।
ਇਸ ਮੌਕੇ ਰੇਸ਼ਮ ਸਿੰਘ, ਹਰਦੀਪ ਸਿੰਘ, ਧਰਮ ਸਿੰਘ, ਯੁਵਰਾਜ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ ਤੇ ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ ਦੇ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਟਾਫ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media