
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਜੋ ਪੂਰੇ ਸੂਬੇ ਅੰਦਰ ਜੰਗੀ ਪੱਧਰ ‘ਤੇ ਜਾਰੀ ਹੈ, ਜਿਥੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਨੂੰ ਫੜ੍ਹ ਕੇ ਜੇਲ੍ਹਾਂ ਅੰਦਰ ਡੱਕਣ ‘ਚ ਰੁੱਝੀ ਹੋਈ ਹੈ, ਉਥੇ ਹੀ ਨਸ਼ਿਆਂ ਦੀ ਲਾਹਨਤ ‘ਚ ਗ਼ਰਕੇ ਨੌਜਵਾਨਾਂ ਨੂੰ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਉਨ੍ਹਾ ਦੇ ਨਸ਼ੇ ਛਡਾਉਣ ਲਈ ਨਸ਼ਾ ਛਡਾਊ ਕੇਂਦਰਾਂ ‘ਚ ਭਰਤੀ ਕਰਕੇ ਇਲਾਜ ਕਰਵਾ ਰਹੀ ਹੈ, ਪਰ ਬੜੇ ਸ਼ਰਮ ਦੀ ਗੱਲ ਹੈ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਜੱਦੀ ਵਿਧਾਨ ਸਭਾ ਹਲਕੇ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਜੋ ਪਿਛਲੇ ਤਿੰਨ ਸਾਲਾਂ ਤੋਂ ਹੋਂਦ ‘ਚ ਆਇਆ ਹੈ, ਅੰਦਰ ਇਕ ਵੀ ਨਸ਼ਾ ਛਡਾਊ ਕੇਂਦਰ ਸਰਕਾਰ ਵੱਲੋਂ ਸਥਾਪਿਤ ਨਹੀ ਕੀਤਾ ਗਿਆ। ਫ਼ਾਜ਼ਿਲਕਾ ਜ਼ਿਲ੍ਹੇ ਦੀ ਇਕ ਪਾਸਿਓ ਹੱਦ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੀ ਹੈ, ਜਿੱਥੋਂ ਹੈਰੋਇਨ, ਚਿੱਟਾ ਪਾਊਡਰ ਹੋਰ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਵਾਰਦਾਤ ਹੁੰਦੀ ਹੈ, ਉਥੇ ਹੀ ਇਕ ਪਾਸੇ ਸਰਹੱਦ ਰਾਜਸਥਾਨ ਦੇ ਬਾਰਡਰ ਨਾਲ ਲਗਦੀ ਹੈ, ਜਿੱਥੋਂ ਖੁੱਲ੍ਹੇਆਮ ਪੋਸਤ, ਡੋਡੇ, ਅਫ਼ੀਮ, ਆਦਿ ਵੱਡੇ ਪੱਧਰ ‘ਤੇ ਵਿਕਦਾ ਹੈ। ਫ਼ਾਜ਼ਿਲਕਾ ਜ਼ਿਲ੍ਹਾ ਪੂਰੇ ਪੰਜਾਬ ਅੰਦਰ ਨਸ਼ਾ ਤਸਕਰੀ ਦਾ ਵੱਡਾ ਰਾਹ ਮੰਨਿਆ ਜਾਂਦਾ ਹੈ। ਜਦੋਂ ਨਸ਼ਾ ਛਡਾਊ ਕੇਂਦਰਾਂ ਸਬੰਧੀ ਫ਼ਾਜ਼ਿਲਕਾ ਦੇ ਸਿਵਲ ਸਰਜਨ ਡਾ. ਬਲਦੇਵ ਪ੍ਰਕਾਸ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਨਸ਼ਾ ਛਡਾਊ ਕੇਂਦਰ ਨਾ ਹੋਣ ਕਾਰਨ ਅਗਰ ਉਨ੍ਹਾਂ ਪਾਸ ਕੋਈ ਮਰੀਜ ਆਉਂਦਾ ਹੈ ਤਾਂ ਉਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਫ਼ਾਜ਼ਿਲਕਾ ਤੇ ਅਬੋਹਰ ਵਿਖੇ ਨਸ਼ਾ ਛੁਡਾਊ ਕੇਂਦਰ ਨਿਰਮਾਣ ਅਧੀਨ ਹਨ। ਜਦੋਂ ਉਹ ਬਣ ਕੇ ਤਿਆਰ ਹੋ ਜਾਣਗੇ, ਉਸ ਤੋਂ ਬਾਅਦ ਹੀ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਨੌਜਵਾਨਾਂ ਨੂੰ ਨਸ਼ਾ ਛਡਾਉਣ ਦਾ ਕੰਮ ਸਿਹਤ ਵਿਭਾਗ ਸ਼ੁਰੂ ਕਰ ਸਕੇਗਾ।
Punjab Post Daily Online Newspaper & Print Media