
ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਇਕ ਵਿਸ਼ੇਸ਼ ਰੇਲ ਗੱਡੀ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਈ।ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ 15 ਹਲਕਿਆਂ ਤੋਂ 1000 ਤੋਂ ਵੱਧ ਸ਼ਰਧਾਲੂਆਂ ਨੂੰ ਲਿਜਾ ਰਹੀ 15 ਡੱਬਿਆਂ ਵਾਲੀ ਇਸ ਰੇਲ ਗੱਡੀ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਬਸੰਤ ਗਰਗ ਨੇ ਝੰਡੀ ਦੇ ਕੇ ਰਵਾਨਾ ਕੀਤਾ।ਇਹ ਸ਼ਰਧਾਲੂ ਪਟਨਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਤੋਂ ਇਲਾਵਾ ਉਥੇ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਤੋਂ ਬਾਅਦ 7 ਜਨਵਰੀ ਨੂੰ ਵਾਪਸ ਅੰਮ੍ਰਿਤਸਰ ਪਰਤਣਗੇ।
ਇਸ ਮੌਕੇ ਡਾ. ਬਸੰਤ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਕੀਤਾ ਗਿਆ ਇਹ ਇਕ ਅਹਿਮ ਉਪਰਾਲਾ ਹੈ। ਉਨ੍ਹਾਂ ਦੱਸਿਆ ਰਵਾਨਾ ਹੋਏ ਇਨ੍ਹਾਂ ਸ਼ਰਧਾਲੂਆਂ ਦੇ ਖਾਣ-ਪੀਣ, ਸਫਰ, ਰਿਹਾਇਸ਼ ਸਮੇਤ ਸਮੁੱਚੇ ਪ੍ਰਬੰਧਾਂ ਦਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪੰਜਾਬ ’ਚੋਂ 10 ਰੇਲ ਗੱਡੀਆਂ ਅਤੇ 300 ਬੱਸਾਂ 25000 ਸ਼ਰਧਾਲੂਆਂ ਨੂੰ ਲੈ ਕੇ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਤੋਂ ਤਿੰਨ ਬੱਸਾਂ ਅਤੇ ਰੇਲ ਦਾ ਇਕ ਡੱਬਾ ਸ਼ਰਧਾਲੂਆਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਗਿਆ ਹੈ।ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਯਾਤਰਾ ’ਚ ਜਾਣ ਵਾਲੇ ਸ਼ਰਧਾਲੂਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਅਜਿਹਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰ ਸਿੰਘ, ਐਸ. ਡੀ. ਐਮ ਪਰਮਜੀਤ ਸਿੰਘ, ਡੀ. ਟੀ. ਓ ਕੰਵਲਜੀਤ ਸਿੰਘ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਅਜੇਬੀਰ ਪਾਲ ਸਿੰਘ ਰੰਧਾਵਾ, ਬੀਬੀ ਰਾਜਵਿੰਦਰ ਕੌਰ, ਸੈਕਸ਼ਨ ਅਫ਼ਸਰ ਸ਼ਿਵ ਕੁਮਾਰ, ਭੁਪਿੰਦਰ ਸਿੰਘ, ਸੁਖਚੈਨ ਸਿੰਘ, ਜਸਪਾਲ ਸਿੰਘ ਸ਼ੰਟੂ, ਸਤਿੰਦਰਪਾਲ ਸਿੰਘ, ਰਵੀਇੰਦਰ ਸਿੰਘ, ਤਰਲੋਚਨ ਸਿੰਘ ਧਾਮੀ, ਗੁਰਮੁਖ ਸਿੰਘ, ਜਤਿੰਦਰ ਸਿੰਘ ਪਨੇਸਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media