
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਨਿੱਜੀ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਕੋਈ 34 ਸਾਲ ਪਹਿਲਾਂ 1981 ਵਿਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਬਰਾੜ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਲ ਦੁਆਇਆ ਹੈ, ਜਿਸ ਵਿਚ ਅੰਮ੍ਰਿਤਸਰ ਸ਼ਹਿਰ ਦੀ ਚਾਰ ਦਿਵਾਰੀ ਅੰਦਰ ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਸੀ।ਇਸ ਮੀਟਿੰਗ ਵਿਚ ਅੰਮ੍ਰਿਤਸਰ ਅਤੇ ਪੰਜਾਬ ਦੀਆਂ 37 ਉੱਘੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿਚ ਬੀ.ਜੇ.ਪੀ ਦੇ ਆਗੂ ਡਾ. ਬਲਦੇਵ ਪ੍ਰਕਾਸ਼, ਕਾਂਗਰਸ ਦੇ ਆਗੂ ਸ੍ਰੀ ਰਘੂਨੰਦਨ ਲਾਲ ਭਾਟੀਆ, ਕਮਿਊਨਿਸਟ ਪਾਰਟੀ ਦੇ ਸ੍ਰੀ ਸਤਪਾਲ ਡਾਂਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਨ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਭਾਈ ਅਮਰੀਕ ਸਿੰਘ, ਦਮਦਮੀ ਟਕਸਾਲ ਦੇ ਬਾਬਾ ਠਾਹਰਾ ਸਿੰਘ, ਜਨਤਾ ਪਾਰਟੀ ਦੇ ਕ੍ਰਿਪਾਲ ਸਿੰਘ, ਸ੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਸ੍ਰੀ ਗੋਪੀ ਚੰਦ ਭਾਟੀਆ, ਆਰੀਆ ਸਮਾਜ ਦੇ ਸ੍ਰੀ ਓਮ ਪ੍ਰਕਾਸ਼ ਵੈਦ ਅਤੇ ਕਈ ਹੋਰ ਧਾਰਮਿਕ ਸੰਸਥਾਵਾਂ ਦੇ ਮੁੱਖੀ ਸ਼ਾਮਲ ਸਨ।ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਸੀ ਕਿ ਪਹਿਲੇ ਪੜਾਅ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਤਿੰਨ ਸੌ ਮੀਟਰ ਦੇ ਘੇਰੇ ਅੰਦਰ ਆਉਂਦੀਆਂ ਸਾਰੀਆਂ ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ ਬੰਦ ਹੋਣਗੀਆਂ ਅਤੇ ਖਰੀਦੋ ਫਰੋਖਤ ‘ਤੇ ਪਾਬੰਦੀ ਲਾ ਦਿੱਤੀ ਜਾਵੇਗੀ।ਇਕ ਸਾਲ ਦੇ ਅੰਦਰ ਅੰਦਰ ਕਿਸ਼ਤਾਂ ਰਾਹੀਂ ਇਨ੍ਹਾਂ ਦੁਕਾਨਾਂ ਨੂੰ ਚਾਰ ਦੀਵਾਰੀ ਤੋਂ ਬਾਹਰ ਲਿਜਾਇਆ ਜਾਵੇਗਾ।
ਇਸ ਫ਼ੈਸਲੇ ਉਪਰ ਪਹਿਲੇ ਪੜਾਅ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਕਮਪਲੈਕਸ ਦੇ 300 ਮੀਟਰ ਦੇ ਘੇਰੇ ਅੰਦਰ ਆਉਂਦੀਆਂ ਸਾਰੀਆਂ ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ, ਪਰ 34 ਸਾਲ ਬੀਤ ਜਾਣ `ਤੇ ਵੀ ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ ਅਜੇ ਵੀ ਚਾਰ ਦੀਵਾਰੀ ਅੰਦਰ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢਣ ਦੀ ਲੋੜ ਹੈ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media