ਫਾਜ਼ਿਲਕਾ, 5 ਜਨਵਰੀ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਦੀ ਪ੍ਰਧਾਨਗੀ ਵਿਚ ਅੱਜ ਇੱਥੇ ਪ੍ਰਿਟਿੰਗ ਪ੍ਰੈਸ ਮਾਲਕਾਂ

ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕੀਤੀ ਗਈ। ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਸਮੂਹ ਹਾਜਰੀਨ ਨੂੰ ਅਪੀਲ ਕੀਤੀ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੇ ਵਿਧਾਨ ਸਭਾ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸ਼ਾਂਤੀਪੂਰਵਕ ਤੇ ਮਿਆਰੀ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।ਪ੍ਰਿਟਿੰਗ ਪ੍ਰੈੱਸ ਮਾਲਕਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਪ੍ਰਿੰਟਿੰਗ ਪ੍ਰੈਸਾਂ ਰਾਹੀਂ ਪ੍ਰਕਾਸ਼ਿਤ ਹੋਣ ਵਾਲੀ ਸਮੂਹ ਪ੍ਰਚਾਰ ਸਮੱਗਰੀ ਛਪਾਈ ਤੋ ਬਾਅਦ ਛੱਪਣ ਵਾਲੇ ਮਟੀਰੀਅਲ ਦੀਆਂ ਤਿੰਨ ਕਾਪੀਆਂ ਅਤੇ ਸਬੰਧਤ ਦਸਤਾਵੇਜ਼ ਹਲਕੇ ਦੇ ਸਬੰਧਤ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਕਿਸੇ ਵੀ ਪ੍ਰਚਾਰ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਬੰਧਤ ਉਮੀਦਵਾਰ ਜਾਂ ਸਮਰਥਕ ਕੋਲੋਂ ਸਵੈ-ਘੋਸ਼ਣਾ ਪੱਤਰ ਲਾਜ਼ਮੀ ਤੌਰ ’ਤੇ ਲਿਆ ਜਾਵੇ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਰਿਟਰਨਿੰਗ ਅਫ਼ਸਰਾਂ ਜਾਂ ਅਬਜਰਵਰਾਂ ਦੀਆਂ ਟੀਮਾਂ ਕਿਸੇ ਵੀ ਸਮੇਂ ਪ੍ਰਿੰਟਿੰਗ ਪ੍ਰੈਸਾਂ ਦੀ ਜਾਂਚ ਕਰ ਸਕਦੀਆਂ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਭੇਜੇ ਜਾਣ ਵਾਲੇ ਸਾਰਟੀਫਿਕੇਟ ਦੇ ਆਧਾਰ ਤੇ ਪ੍ਰਚਾਰ ਸਮੱਗਰੀ ਦਾ ਖਰਚਾ ਉਮੀਦਵਾਰ ਦੇ ਖਰਚੇ ਵਿਚ ਜੁੜੇਗਾ। ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਿਰਪੱਖ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਦੌਰਾਨ ਜੇਕਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਜੇਕਰ ਇਸ ਤਰ੍ਹਾਂ ਦੇ ਸਮਾਗਮਾਂ ਦੌਰਾਨ ਜੇਕਰ ਕਿਸੇ ਖਾਣ ਪੀਣ ਵਾਲੇ ਸਮਾਨ ਤੋਂ ਇਲਾਵਾ ਵੋਟਰਾਂ ਨੂੰ ਭਰਮਾਉਣ ਲਈ ਵਰਤੋਂਯੋਗ ਸਮਾਨ ਦੀ ਵੰਡ ਕੀਤੀ ਜਾਂਦੀ ਹੈ ਤਾਂ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵੀ ਸਮਾਗਮਾਂ ਦੌਰਾਨ ਉਮੀਦਵਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਚੋਣ ਪ੍ਰਚਾਰ ਤੋਂ ਵੀ ਗੁਰੇਜ ਕੀਤਾ ਜਾਵੇ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਿਰਪੱਖ ਅਤੇ ਭਰਮਾਊ ਮੁਕਤ ਚੋਣਾਂ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਟੋਲ ਫਰੀ ਨੰਬਰ 1800-180-2616 ਸ਼ੁਰੂ ਕੀਤਾ ਗਿਆ ਹੈ ਜੋ 24 ਘੰਟੇ ਕੰਮ ਕਰੇਗਾ। ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸ਼ਨਰ ( ਵਿਕਾਸ) ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ ਜਗਦੀਪ ਸਹਿਗਲ ਤੋਂ ਇਲਾਵਾ ਸਮੂਹ ਪ੍ਰਿਟਿੰਗ ਪ੍ਰੈਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
Punjab Post Daily Online Newspaper & Print Media