ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸਾਹਿਬੇ ਕਮਾਲ ਸ੍ਰੀ ਗੁਰੂ

ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਦੇ ਸੰਬੰਧ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਸਿਖਿਆਵਾਂ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਦੇ ਕਲਗੀਧਰ ਆਡੀਟੋਰੀਅਮ ਵਿਖੇ ਕੀਤਾ ਗਿਆ।ਇਸ ਸੈਮੀਨਾਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ਉਹਨਾਂ ਸਮੂਹ ਸੰਗਤਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।

ਉਹਨਾਂ ਦੱਸਿਆ ਕਿ ਜਿੱਥੇ ਸਮੂਹ ਸਿੱਖ ਜਗਤ ਗੁਰੂ ਸਾਹਿਬ ਜੀ ਦਾ 350ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਿਹਾ ਹੈ ਉਥੇ ਦੀਵਾਨ ਵੱਲੋਂ ਵੀ ਇਸ ਦੇ ਸੰਬੰਧ ਵਿੱਚ ਕਾਫੀ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਜਿਹਨਾਂ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਦਾ ਆਯੋਜਨ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਦੁਆਰਾ ਰੌਸ਼ਨੀ ਅਤੇ ਅਵਾਜ਼ ਦਾ ਪ੍ਰੋਗਰਾਮ ‘ਵਹ ਪ੍ਰਗਟਿਓ ਮਰਦ ਅਗੰਮੜਾ’ ਦੀ ਪੇਸ਼ਕਾਰੀ, ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਯਾਤਰਾ, ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਦੀਵਾਨ ਦੀਆਂ ਸਮੂਹ ਸੰਸਥਾਵਾਂ ਵੱਲੋਂ ਆਲੋਕਿਕ ਨਗਰ ਕੀਰਤਨ ਦਾ ਆਯੋਜਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਉਤੇ ਅਧਾਰਿਤ ਪੁਸਤਕ ‘ਗੁਰੂ ਗੋਬਿੰਦ ਸਿੰਘ-ਏ ਸਾਗਾ ਆਫ਼ ਵੈਲੂਰ ਐਂਡ ਸੈਕਰੀਫਾਈਸ’ ਦਾ ਪ੍ਰਕਾਸ਼ਨ ਅਤੇ ਅੱਜ ਦੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਸ਼ਾਮਲ ਹਨ।
ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਨੇ ਗੁਰੂ ਸਾਹਿਬ ਦੀ ਸ਼ਖਸੀਅਤ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੱਸਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਵਿੱਚ ਇਕ ਮਹਾਨ ਯੋਧਾ, ਅਧਿਆਤਮਕ ਨੇਤਾ, ਉਚ ਕੋਟੀ ਦੇ ਸੰਗਠਨਕਰਤਾ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਸੱਚੇ ਸੁਧਾਰਕ ਦੇ ਵਿਲੱਖਣ ਗੁਣ ਸਨ।ਉਹਨਾਂ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੁਆਰਾ ਦਰਸਾਏ ਗਏ ਸਿੱਖੀ ਮਾਰਗ ਤੇ ਦ੍ਰਿੜ ਰਹਿਣ ਲਈ ਪ੍ਰੇਰਿਤ ਕੀਤਾ।ਅੱਜ ਦੇ ਸੈਮੀਨਾਰ ਦੇ ਮੌਕੇ ਤੇ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਪਿਛਲੇ ਦਿਨੀ ਆਯੋਜਿਤ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਸਫਲ ਆਯੋਜਨ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਦੀਵਾਨ ਦੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮੌਜੂਦ ਸਮੂਹ ਮਹਿਮਾਨਾਂ ਨੂੰ ਰੌਸ਼ਨੀ ਅਤੇ ਅਵਾਜ਼ ਦੇ ਪ੍ਰੋਗਰਾਮ ‘ਵਹ ਪ੍ਰਗਟਿਓ ਮਰਦ ਅਗੰਮੜਾ’ ਦੀ ਸੀ.ਡੀ ਅਤੇ ਦੀਵਾਨ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਉਤੇ ਅਧਾਰਿਤ ਪੁਸਤਕ ਵੀ ਭੇਂਟ ਕੀਤੀ ਗਈ ਅਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਵਿੱਚ ਰੌਸ਼ਨੀ ਅਤੇ ਅਵਾਜ਼ ਦੇ ਪ੍ਰੋਗਰਾਮ ਦਾ ਪ੍ਰਦਰਸ਼ਨ ਵੀ ਕੀਤਾ ਗਿਆ।ਮੰਚ ਦਾ ਸੰਚਾਲਨ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਕੀਤਾ। ਪ੍ਰੋਗਰਾਮ ਦੇ ਅੰਤ ਤੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਅਤੇ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਚੇਅਰਮੈਨ ਸੁਆਗਤੀ ਕਮੇਟੀ ਨਰਿੰਦਰ ਸਿੰਘ ਖੁਰਾਨਾ, ਸਕੂਲ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਹਰਜੀਤ ਸਿੰਘ ਚੱਢਾ, ਇੰਜੀ: ਜਸਪਾਲ ਸਿੰਘ, ਰਮਨੀਕ ਸਿੰਘ, ਮਨਜੀਤ ਸਿੰਘ (ਸੁਪਰਟੈਂਡੈਟ ਸੈਂਟਰਲ ਖ਼ਾਲਸਾ ਯਤੀਮਖਾਨਾ), ਡਾ: ਅਰਿਦਮਨ ਸਿੰਘ ਮਾਹਲ, ਦਿਲਜੀਤ ਸਿੰਘ, ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਡਾ: ਅਮਰਪਾਲੀ ਸ਼ਾਮਲ ਸਨ ।
Punjab Post Daily Online Newspaper & Print Media