
ਅੰਮ੍ਰਿਤਸਰ, 5 ਜਨਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਪ੍ਰਕਾਸ਼ ਅਸਥਾਨ ਸ੍ਰੀ ਪਟਨਾ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਉਤਸ਼ਾਹ ਨਾਲ ਪੁੱਜੀਆਂ ਪ੍ਰਮੱਖ ਸ਼ਖ਼ਸੀਅਤਾਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਦਲਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਹੈ।
ਪ੍ਰੋ. ਬਡੂੰਗਰ ਨੇ ਧੰਨਵਾਦ ਸੁਨੇਹੇ ਵਿਚ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਧਰਮ, ਜਾਤ ਅਤੇ ਨਸਲ ਤੋਂ ਉੱਪਰ ਉੱਠ ਕੇ ਪੂਰੀ ਦੁਨੀਆਂ ਵਿੱਚੋਂ ਹਰ ਵਰਗ ਦੇ ਲੋਕ ਲੱਖਾਂ ਦੀ ਤਦਾਦ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਅਜੋਕੇ ਤਣਾਅ ਭਰੇ ਮਾਹੌਲ ਵਿਚ ਮਾਨਵ ਏਕਤਾ ਅਤੇ ਸ਼ਾਂਤੀ ਦਾ ਸੁਨੇਹਾ ਦਿੰਦਿਆਂ ਹਿੰਦੂ, ਜੈਨੀ, ਬੋਧੀ, ਨਿਰਮਲੇ, ਈਸਾਈ, ਪਾਰਸੀ, ਮੁਸਲਿਮ ਅਤੇ ਹੋਰ ਅਨੇਕਾਂ ਵੱਖ-ਵੱਖ ਧਰਮਾਂ ਦੇ ਲੋਕ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦਾ ਹਿੱਸਾ ਬਣੇ ਹਨ। ਇਹ ਸੰਸਾਰ ਪੱਧਰ ’ਤੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ। ਉਨ੍ਹਾਂ ਪੂਰੇ ਵਿਸ਼ਵ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦਸਮ ਪਾਤਸ਼ਾਹ ਜੀ ਦੀ ਮਨੁੱਖਤਾਵਾਦੀ ਸ਼ਖ਼ਸੀਅਤ ਦਾ ਪ੍ਰਭਾਵ ਹੈ ਜੋ ਹੱਦਾਂ-ਸਰਹੱਦਾਂ ਅਤੇ ਵੰਡੀਆਂ ਨੂੰ ਖਤਮ ਕਰਨ ਦਾ ਸੁਨੇਹਾ ਦਿੰਦਾ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਸਮੇਤ ਸਮੁੱਚੀ ਬਿਹਾਰ ਸਰਕਾਰ ਅਤੇ ਅਫਸਰਸ਼ਾਹੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮੁੱਚੇ ਸਮਾਗਮਾਂ ਨੂੰ ਯੋਜਨਾਬੱਧ ਢੰਗ ਨਾਲ ਸੰਪੰਨ ਕਰਨ ਲਈ ਉਹ ਵਿਸੇਸ਼ ਵਧਾਈ ਦੇ ਪਾਤਰ ਹਨ।ਉਨ੍ਹਾਂ ਕਿਹਾ ਬਿਹਾਰ ਸਰਕਾਰ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੰਗੇ ਸਹਿਯੋਗ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ 400 ਮੁਲਾਜ਼ਮ, ਰਾਗੀ, ਢਾਡੀ ਤੇ ਕਵੀਸ਼ਰ ਭੇਜ ਕੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਸਫਲਤਾ ਲਈ ਸੇਵਾ ਕੀਤੀ ਹੈ। ਪ੍ਰੋ. ਬਡੂੰਗਰ ਨੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਹਿੱਸਾ ਲੈਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀਆਂ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ, ਬਾਬਾ ਬਲਬੀਰ ਸਿੰਘ ਸ਼੍ਰੋਮਣੀ ਬੁੱਢਾ ਦਲ, ਬਾਬਾ ਅਵਤਾਰ ਸਿੰਘ ਸੁਰਸਿੰਘ ਬਿਧੀ ਚੰਦ ਸੰਪਰਦਾ, ਭਾਈ ਮਹਿੰਦਰ ਸਿੰਘ ਬਰਮਿੰਘਮ ਦੇ ਨਾਲ-ਨਾਲ ਸਿੰਘ ਸਭਾਵਾਂ, ਗਤਕਾ ਪਾਰਟੀਆਂ, ਲੰਗਰ ਤੇ ਹੋਰ ਸੇਵਾਵਾਂ ਨਿਭਾਉਣ ਵਾਲੀਆਂ ਸਮੂਹ ਸੰਗਤਾਂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media