ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਹਲਕੇ ਦੇ ਪਿੰਡ ਕੰਧਵਾਲਾ ਹਾਜਰ ਖਾਂ ਵਿਚ ਕੀਤੀ ਚੋਣ ਸਭਾ ਮਗਰੋਂ ਉਥੇ ਹੋਈ ਪਥਰਾਅ ਤੋਂ ਬਾਅਦ ਪੁਲਸ ਥਾਨਾ ਅਰਨੀਵਾਲਾ ਵੱਲੋਂ ਦਰਜ ਕੀਤੇ ਮਾਮਲੇ ਵਿਚ ਨਾਮਜਦ ਇੱਕ ਵਿਅਕਤੀ ਅਤੇ ਪੁੱਛਗਿੱਛ ਲਈ ਹਿਰਾਸਤ ਵਿਚ ਲਏ ਕੁਝ ਵਿਅਕਤੀਆਂ ਨੂੰ ਛੱਡ ਦਿੱਤਾ ਹੈ। ਜਦਕਿ ਪੁਲਸ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਿੰਡ ਵਿਚ ਵਾਪਰੀ ਘਟਨਾ ਦੋ ਆਪਸੀ ਧਿਰਾਂ ਦੇ ਤਕਰਾਰ ਨਾਲ ਹੋਈ ਹੈ ਨਾ ਕਿ ਕਿਸੇ ਰਾਜਸੀ ਪਾਰਟੀਆਂ ਦੇ ਕਾਰਨ। ਪੁਲਸ ਥਾਨਾ ਅਰਨੀਵਾਲਾ ਵੱਲੋਂ ਪੁਲਸ ਅਧਿਕਾਰੀ ਗੁਰਵੀਰ ਸਿੰਘ ਮੁੱਖ ਥਾਨਾ ਅਫਸਰ ਸਿਟੀ ਅਬੋਹਰ ਇੱਕ ਦੇ ਬਿਆਨਾਂ ਤੇ ਪਿੰਡ ਕੰਧਵਾਲਾ ਹਾਜਰ ਖਾਂ ਦੇ ਨਿੱਕਾ ਸਿੰਘ ਸਮੇਤ 15 ਤੋਂ 20 ਅਣਪਛਾਤੇ ਵਿਅਕਤੀਆਂ ਖਿਲਾਫ ਮਕੁੱਦਮਾ ਦਰਜ ਕੀਤਾ ਹੈ। ਦਰਜ ਕੀਤੇ ਮਾਮਲੇ ਵਿਚ ਮੁੱਖ ਅਫਸਰ ਥਾਣਾ ਗੁਰਵੀਰ ਸਿੰਘ ਨੇ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਹੋਰ ਫੋਰਸ ਦੇ ਨਾਲ ਉਪ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਡਿਊਟੀ ਤੇ ਤੈਨਾਤ ਸਨ ।ਜਦ ਸੁਖਬੀਰ ਸਿੰਘ ਬਾਦਲ ਦੌਰੇ ਮਗਰੋਂ ਅਗਲੇ ਪੜਾਅ ਲਈ ਚੱਲ ਗਏ ਤਾ ਕੁਝ ਵਿਅਕਤੀਆਂ ਨੇ ਨਿੱਜੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾ ਉਨ੍ਹਾਂ ਬਤੌਰ ਡਿਊਟੀ ਜਦ ਗੱਡੀਆਂ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਤਾ ਕੁਝ ਵਿਅਕਤੀਆਂ ਨੇ ਪੁਲਸ ਦੀ ਸਰਕਾਰੀ ਅਤੇ ਪ੍ਰਾਈਵੇਟ ਗੱਡੀਆਂ ਤੇ ਪਥਰਾਅ ਕਰ ਦਿੱਤਾ ਹੈ। ਜਿਸ ਨਾਲ ਕੁਝ ਪੁਲਸ ਮੁਲਾਜਮਾਂ ਅਤੇ ਹੋਰ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਪਥਰਾਅ ਕਰਨ ਵਾਲਿਆਂ ਨੇ ਗੱਡੀਆਂ ਦੀ ਭੰਨਤੋੜ ਕਰਕੇ ਨੁਕਸਾਨ ਕੀਤਾ ਹੈ ਅਤੇ ਦੰਗਾ ਫਸਾਦ ਕੀਤਾ ਹੈ ਅਤੇ ਜਿਨ੍ਹਾਂ ਵਿਚ ਨਿੱਕਾ ਸਿੰਘ ਅਤੇ 15 ਤੋਂ 20 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਉਨ੍ਹਾਂ ਦੀ ਡਿਊਟੀ ਵਿਚ ਵਿਘਨ ਪਾਇਆ ਹੈ। ਪੁਲਿਸ ਕਰਮਚਾਰੀਆਂ ਦੀਆਂ ਗੱਡੀਆਂ ਦੀ ਭੰਨਤੋੜ ਕਰਕੇ ਅਮਨ ਕਾਨੂੰਨ ਨੂੰ ਭੰਗ ਕੀਤਾ ਹੈ।ਪੁਿਲਸ ਥਾਣੇ ਵਿਚ ਮਾਮਲੇ ਦੀ ਜਾਂਚ ਲਈ ਆਏ ਐਸ.ਪੀ (ਆਈ) ਹਰਮੀਤ ਸਿੰਘ ਹੁੰਦਲ ਅਤੇ ਡੀ.ਐਸ.ਪੀ (ਐਚ) ਰਾਹੁਲ ਕੁਮਾਰ ਨੇ ਦਸਿਆ ਕਿ ਜਿਲਾ੍ਹ ਪੁਲਸ ਕਪਤਾਨ ਦੀਆਂ ਹਦਾਇਤਾਂ ਤੇ ਉਹ ਜਾਂਚ ਲਈ ਆਏ ਹਨ। ਉਨ੍ਹਾਂ ਦਸਿਆ ਕਿ ਪੁਲਸ ਨੇ ਕੁਝ ਵਿਅਕਤੀਆਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਸਫਾਈ ਮਗਰੋਂ ਛੱਡ ਦਿੱਤਾ ਗਿਆ ਹੈ। ਜੇਕਰ ਜਾਂਚ ਵਿਚ ਮੁੜ ਲੋੜ ਪਈ ਤਾ ਇਨ੍ਹਾਂ ਨੂੰ ਬੁਲਾਇਆ ਜਾ ਸਕਦਾ ਹੈ।ਇਸ ਮਾਮਲੇ ਵਿਚ ਸ਼ਾਮਲ ਹਰਪ੍ਰੀਤ ਸਿੰਘ ਉਰਫ ਨਿੱਕਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਉਧਰ ਆਪ ਪਾਰਟੀ ਦੇ ਅਮਰੀਸ਼ , ਮਹਿੰਦਰ ਸਿੰਘ ਕਚੂਰਾ, ਮਾਸਟਰ ਗੁਰਦੇਵ ਸਿੰਘ, ਦੇਵ ਰਾਜ ਸ਼ਰਮਾ ਨੇ ਬੀਤੇ ਦਿਨ ਵਾਪਰੀ ਘਟਨਾਂ ਨੂੰ ਅਤਿ ਨਿੰਦਣਯੋਗ ਦਸਦਿਆ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੋ ਕੁਝ ਵੀ ਵਾਪਰਿਆ ਇਸ ਨੂੰ ਚੰਗਾ ਨਹੀ ਸਮਝਦੀ। ਪੁਲਸ ਵੱਲੋਂ ਸ਼ੱਕ ਦੇ ਆਧਾਰ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਦਕਿ ਇਸ ਮਾਮਲੇ ਨਾਲ ਆਪ ਦਾ ਕੋਈ ਸਬੰਧ ਨਹੀ ਹੈ।ਉਨ੍ਹਾਂ ਵੱਲੋਂ ਪੁਲਸ ਦੇ ਅਧਿਕਾਰੀਆਂ ਨੂੰ ਆਪਣੇ ਸਮਰਥਕਾਂ ਬਾਰੇ ਜਾਣੂ ਕਰਵਾਉਣ ਮਗਰੋਂ ਹੀ ਹਿਰਾਸਤ ਵਿਚ ਲਏ ਵਿਅਕਤੀਆਂ ਨੂੰ ਛੱਡਿਆ ਗਿਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media