ਪਠਾਨਕੋਟ, 11 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਨਾਮਜਦਗੀਆਂ ਦੀ ਆਖਰੀ ਤਰੀਕ 18 ਜਨਵਰੀ 2017

ਹੋਵੇਗੀ।ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਅੱਜ ਇੱਥੇ ਜ਼ਿਲ੍ਹਾ ਪਠਾਨਕੋਟ ਅੰਦਰ ਆਜ਼ਾਦ, ਸ਼ਾਂਤੀਪੂਰਵਕ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਤਿੰਨ ਵਿਧਾਨ ਸਭਾ ਹਲਕਿਆਂ ਦੇ ਸਮੂਹ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ ਐਸ.ਐਸ.ਪੀ., ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਗੁਰਜੀਤ ਸਿੰਘ ਐਸ.ਡੀ.ਐਮ ਕਮ ਰਿਟਰਨਿੰਗ ਅਫ਼ਸਰ ਸੁਜਾਨਪੁਰ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਰਿਟਰਨਿੰਗ ਅਫ਼ਸਰ ਭੋਆ, ਸੁਰਿੰਦਰ ਸਿੰਘ ਐਸ.ਡੀ.ਐਮ. ਕਮ ਰਿਟਰਨਿੰਗ ਅਫ਼ਸਰ ਪਠਾਨਕੋਟ, ਰਜਿੰਦਰ ਸਿੰਘ ਤਹਿਸੀਲਦਾਰ ਚੋਣਾਂ, ਸਰਬਜੀਤ ਸਿੰਘ ਕਾਨੂੰਗੋ ਚੋਣਾਂ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਉਲੀਕੇ ਪ੍ਰੋਗਰਾਮ ਅਨੁਸਾਰ ਚੋਣਾਂ ਲੜਨ ਦੇ ਇੱਛਕ ਉਮੀਦਵਾਰਾਂ ਦੀਆਂ ਨਾਮਜਦਗੀਆਂ ਦੀ ਆਖਰੀ ਤਰੀਕ 18 ਜਨਵਰੀ 2017 ਹੋਵੇਗੀ, ਜਦਕਿ 19 ਜਨਵਰੀ 2017 ਨੂੰ ਨਾਮਜਦਗੀਆਂ ਦੀ ਪੜਤਾਲ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 21 ਜਨਵਰੀ 2017 ਤੱਕ ਨਾਮ ਵਾਪਸ ਲਏ ਜਾ ਸਕਣਗੇ ਅਤੇ 4 ਫਰਵਰੀ 2017 ਨੂੰ ਸਵੇਰੇ 08-00 ਵਜੇ ਤੋਂ ਸ਼ਾਮ 05-00 ਵਜੇ ਤੱਕ ਵੋਟਾਂ ਪੈਣਗੀਆਂ। ਉਹਨਾਂ ਦੱਸਿਆ ਕਿ ਉਮੀਦਵਾਰ ਆਪਣੇ ਨਾਮਜਦਗੀ ਸਬੰਧੀ ਕਾਗਜ ਸਬੰਧਤ ਰਿਟਰਨਿੰਗ ਅਫਸਰ ਦੇ ਦਫਤਰ ਵਿਖੇ 11 ਜਨਵਰੀ ਤੋਂ 18 ਜਨਵਰੀ 2017 ਤੱਕ ਕੰਮ ਵਾਲੇ ਦਿਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕਰ ਸਕਣਗੇ।ਉਨ੍ਹਾਂ ਦੱਸਿਆ ਕਿ ਨਾਮਜਦਗੀ ਪੱਤਰ ਫਾਰਮ ਨੰ: 2 ਬੀ ਵਿੱਚ ਦਾਖਲ ਕੀਤੇ ਜਾ ਸਕਣਗੇ ਜੋ ਸਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮੀਦਵਾਰ ਲਈ ਵਿਧਾਨ ਸਭਾ ਦੀ ਚੋਣ ਲੜਣ ਦੇ ਯੋਗ ਹੋਣ ਲਈ ਜਰੂਰੀ ਹੈ ਕਿ ਉਹ ਪੰਜਾਬ ਦਾ ਵੋਟਰ ਹੋਵੇ।ਉਨ੍ਹਾਂ ਦੱਸਿਆ ਕਿ ਨਾਮਜਦਗੀ ਸਮੇਂ ਉਮੀਦਵਾਰ ਵੱਲੋਂ ਵੋਟ ਸੂਚੀ ਦੀ ਫੋਟੋ ਕਾਪੀ ਨਾਮਜਦਗੀ ਪੱਤਰ ਨਾਲ ਦਾਖ਼ਲ ਕਰਵਾਨੀ ਹੋਵੇਗੀ । ਉਨ੍ਹਾ ਦੱਸਿਆ ਕਿ ਆਦਰਸ਼ ਚੋਣ ਜਾਬਤਾ ਚੋਣਾਂ ਦੇ ਅਮਲ ਖ਼ਤਮ ਹੋਣ 15 ਮਾਰਚ, 2017 ਤੱਕ ਲਾਗੂ ਰਹੇਗਾ।
Punjab Post Daily Online Newspaper & Print Media