ਅੰਮ੍ਰਿਤਰ, 11 ਜਨਵਰੀ (ਪੰਜਾਬ ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਮਜਦੂਰਾਂ ਦੇ ਹਿੱਤ ਵਿਚ ਨਹੀਂ ਹਨ।ਇਨ੍ਹਾਂ ਸ਼ਬਦਾਂ ਦਾ

ਪ੍ਰਗਟਾਵਾ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕਾਂਗਰਸ ਭਵਨ ਹਾਲ ਗੇਟ ਵਿਖੇ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕਰਕੇ ਆਮ ਲੋਕਾਂ ਦਾ ਗਲਾ ਘੁੱਟਿਆ ਹੈ, ਜਿਸ ਨਾਲ ਮਜਦੂਰ ਵਰਗ ਭਾਰੀ ਨੁਕਸਾਨ ਪੁੱਜਾ ਹੈ।ਇੰਡਸਟਰੀ 80 ਫੀਸਦੀ ਤੋਂ ਜਿਆਦਾ ਬੰਦ ਦੀ ਕਗਾਰ `ਤੇ ਪੁੱਜ ਗਈ ਹੈ। ਗਰੀਬ ਵਰਗ ਹਾਹਾਕਾਰ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਨੋਟਬੰਦੀ ਦੌਰਾਨ 80 ਤੋਂ ਵੱਧ ਲੋਕਾਂ ਦੀ ਹੋਈ ਮੌਤ ਦਾ ਜਿੰਮੇਵਾਰ ਪ੍ਰਧਾਨ ਮੰਤਰੀ ਹੈ।ਉਨ੍ਹਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਕੋਲੋਂ ਹਰ ਵਰਗ ਦੁਖੀ ਹੈ, ਇਨ੍ਹਾਂ ਨੇ ਵਿਕਾਸ ਕਰਨ ਦੀ ਥਾਂ ਆਪਣੇ ਜੇਬਾਂ ਦਾ ਵਿਕਾਸ ਕੀਤਾ ਹੈ।ਪੰਜਾਬ ਵਿਚ ਗੁੰਡਾਗਰਦੀ, ਡਰੱਗਜ਼ ਮਾਫੀਆ ਦਾ ਜੰਗਲ ਰਾਜ ਹੈ।ਇਨ੍ਹਾਂ ਦੇ ਰਾਜ ਵਿਚ ਮਜਦੂਰ ਵਰਗ ਦੀ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੂੰ ਫਤਵਾ ਦੇਣਗੇ।ਇਸ ਦੌਰਾਨ ਸੁਸ਼ੀਲ ਕੁਮਾਰ ਨੂੰ ਜਿਲ੍ਹਾ ਜਨਰਲ ਸਕੱਤਰ ਅਤੇ ਲੀਗਲ ਅਡਵਾਈਜਰ ਬਣਾਇਆ ਗਿਆ।ਸੁਸ਼ੀਲ ਕੁਮਾਰ ਨੇ ਭਰੋਸਾ ਦਿੱਤਾ ਕਿ ਜਿਹੜੀ ਜਿੰਮੇਵਾਰੀ ਸੌਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਇੰਟਕ ਵਰਕਿੰਗ ਪ੍ਰਧਾਨ ਬਿੱਟੂ ਵੇਰਕਾ, ਦਫਤਰ ਸਕੱਤਰ ਦਰਸ਼ਨ ਧੀਰ, ਜਰਨੈਲ ਸਿੰਘ, ਦੀਪਕ ਮਸੀਹ, ਰਮੇਸ਼ ਕੁਮਾਰ, ਇੰਟਕ ਦੀ ਜਿਲ੍ਹਾ ਮਹਿਲਾ ਪ੍ਰਧਾਨ ਮਧੂ ਖੰਨਾ, ਮਨਜੀਤ ਕੌਰ ਤੇ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media