ਨਵੀਂ ਦਿੱਲੀ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਦੀ ਬੀਮਾਰੀ ’ਤੇ ਨੱਥ ਪਾਉਣ ਲਈ ਅੱਜ ਵੱਡੇ ਪੱਧਰ

’ਤੇ ਇਲਾਜ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਗੁਰਦੁਆਰਾ ਬਾਲਾ ਸਾਹਿਬ ਵਿਖੇ ਚਲ ਰਹੇ ਗੁਰੂ ਹਰਿਕ੍ਰਿਸ਼ਨ ਹਸਪਤਾਲ ’ਚ ਬੀਤੇ ਦੋ ਸਾਲਾਂ ਤੋਂ ਕੈਂਸਰ ਦੀ ਬੀਮਾਰੀ ਤੋਂ ਪ੍ਰਭਾਵਿਤ ਮਰੀਜਾਂ ਦੇ ਕੀਤੇ ਜਾ ਰਹੇ ਇਲਾਜ਼ ਨੂੰ ਹੁਣ ਵੱਡੇ ਪੱਧਰ ’ਤੇ ਆਯੋਜਿਤ ਅਤੇ ਪ੍ਰਚਾਰਿਤ ਕਰਨ ਲਈ ਕਮੇਟੀ ਵੱਲੋਂ ਇਹ ਅਹਿਮ ਉਪਰਾਲਾ ਸ਼ੁਰੂ ਕੀਤਾ ਗਿਆ ਹੈ। 8ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪੱਵਿਤਰ ਅੰਗੀਠੇ ਵਾਲੇ ਸਥਾਨ ਤੇ ਚਲ ਰਹੀ ਉਕਤ ਮੁਹਿੰਮ ਨੂੰ ‘‘ਬਾਲਾ ਪ੍ਰੀਤਮ ਕੈਂਸਰ ਕੇਅਰ’’ ਦਾ ਨਾਂ ਦਿੱਤਾ ਗਿਆ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕ. ਨੇ ਬਾਲਾ ਪ੍ਰੀਤਮ ਦੀ ਕਿਰਪਾ ਸੱਦਕਾ ਬੀਤੇ ਦੋ ਸਾਲਾਂ ਦੌਰਾਨ ਇਸ ਨਾਮੁਰਾਦ ਬੀਮਾਰੀ ਦੇ ਸ਼ਿਕਾਰ ਆਏ 60 ਮਰੀਜ਼ਾ ਦੇ ਔਪਰੇਸ਼ਨ ਕਾਮਯਾਬ ਹੋਣ ਦਾ ਦਾਅਵਾ ਕੀਤਾ। ਜੀ.ਕੇ ਨੇ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਵਿਖੇ ਚਲ ਰਹੇ ਹਸਪਤਾਲ ’ਚ ਮਰੀਜ਼ ਨੂੰ ਦਵਾਈ ਦੇ ਨਾਲ ਦੁਆ ਦੀ ਮਿਲ ਰਹੀ ਖੁਰਾਕ ਦਸ਼ਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਚਾਰੀ ਗਈ ਪੰਕਤੀ ‘‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖ ਜਾਇ’’ਨੂੰ ਪੂਰਨ ਤੌਰ ਤੇ ਸਾਰਥਿਕ ਸਾਬਿਤ ਕਰ ਰਹੀ ਹੈ।
ਜੀ.ਕੇ. ਨੇ ਦੱਸਿਆ ਕਿ ਡਾਕਟਰਾਂ ਵੱਲੋਂ ਇਥੇ ਬ੍ਰੇਸ਼ਟ (ਛਾਤੀ), ਥਾਇਰਾਇਡ, ਮੂੰਹ, ਇੰਟਰਸਟਾਇਨ ਅਤੇ ਬੱਚੇਦਾਨੀ ਕੈਂਸਰ ਦੇ ਔਪਰੇਸ਼ਨ ਕਾਮਯਾਬੀ ਨਾਲ ਕੀਤੇ ਗਏ ਹਨ।ਇਸ ਦੇ ਨਾਲ ਹੀ ਅਨੇਕਾਂ ਮਰੀਜ਼ਾ ਦਾ ਕੀਮੋਥ੍ਰੇਪੀ ਤਕਨੀਕ ਨਾਲ ਇਲਾਜ਼ ਕੀਤਾ ਗਿਆ।ਗੁਰਦੁਆਰਾ ਕਮੇਟੀ ਦਾ ਹਸਪਤਾਲ ਹੋਣ ਦੇ ਕਾਰਨ ਮਰੀਜ਼ਾ ਕੋਲੋਂ ਇਲਾਜ਼ ਦਾ ਸਿਰਫ਼ ਖਰਚ ਹੀ ਲਿਆ ਜਾਂਦਾ ਹੈ ਜਿਸ ਕਰਕੇ ਦੂਜੇ ਨਿਜ਼ੀ ਹਸਪਤਾਲਾਂ ਦੇ ਮੁਕਾਬਲੇ ਮਰੀਜ਼ ਦਾ ਖਰਚ ਇੱਕ ਤਿਹਾਈ ਹੀ ਮੁਸ਼ਕਿਲ ਨਾਲ ਆਉਂਦਾ ਹੈ।
ਜੀ.ਕੇ ਨੇ ਸਾਫ਼ ਕਿਹਾ ਕਿ ਅਸੀਂ ਕੈਂਸਰ ਦੇ ਇਲਾਜ਼ ਕਰਨ ਵੇਲੇ ਨਿਜ਼ੀ ਹਸਪਤਾਲਾਂ ਨੂੰ ਚੰਗੀ ਸੇਵਾ, ਘਟ ਖਰਚ ਅਤੇ ਬਿਹਤਰ ਇਲਾਜ਼ ਵਿਚ ਟੱਕਰ ਦੇਣ ਦਾ ਟੀਚਾ ਮਿਥਿਆ ਹੈ। ਹਾਲਾਂਕਿ ਮੌਜੂਦਾ ਸਮੇਂ ਵਿਚ ਅਸੀਂ ਕੈਂਸਰ ਦੇ ਇਲਾਜ਼ ’ਚ ਕੀਮੋਥੇ੍ਰਪੀ ਤਰੀਕੇ ਦਾ ਹੀ ਇਸਤੇਮਾਲ ਕਰ ਰਹੇ ਹਾਂ।ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕੀਤੇ ਜਾ ਰਹੇ ਬਾਲਾ ਸਾਹਿਬ ਹਸਪਤਾਲ ’ਚ ਕੈਂਸਰ ਕੇਅਰ ਦਾ ਵੱਖਰਾ ਵਿਸ਼ੇਸ਼ ਕੌਮਾਂਤਰੀ ਪੱਧਰੀ ਵਿਭਾਗ ਬਣਾਉਣ ਦਾ ਐਲਾਨ ਕਰਦੇ ਹੋਏ ਜੀ.ਕੇ ਨੇ ਇਸ ਮੌਕੇ ਪੁੱਜੇ ਮਾਹਿਰਾਂ ਨੂੰ ਇਸ ਸੰਬੰਧੀ ਕਮੇਟੀ ਨੂੰ ਸੁਝਾਵ ਦੇਣ ਦੀ ਵੀ ਅਪੀਲ ਕੀਤੀ।
ਜੀ.ਕੇ ਨੇ ਸਮਾਜ ਦੀ ਭਲਾਈ ਲਈ ਕਮੇਟੀ ਵੱਲੋਂ ਚਲਾਈ ਜਾ ਰਹੀ ਉਕਤ ਮੁਹਿੰਮ ਦੇ ਵਿਸਤਾਰ ਤਹਿਤ ਹੁਣ ਫੇਫ਼ੜੇ, ਲੀਵਰ ਅਤੇ ਬਲੱਡ ਕੈਂਸਰ ਦਾ ਵੀ ਇਲਾਜ਼ ਸ਼ੁਰੂ ਕਰਨ ਦਾ ਐਲਾਨ ਕੀਤਾ।ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਏਮਜ਼ ਝੱਜਰ ਦੇ ਨੈਸ਼ਨਲ ਕੈਂਸਰ ਇੰਸਟੀਟਿਯੂਟ ਦੇ ਮੁਖੀ ਜੀ.ਕੇ ਰੱਥ, ਰਾਮਾਕ੍ਰਿਸ਼ਨ ਮਿਸ਼ਨ ਹਸਪਤਾਲ ਦੇ ਡਾਇਰੈਕਟਰ ਸਵਾਮੀ ਕਾਲੀਕਨੰਦਾ, ਦਿੱਲੀ ਕਮੇਟੀ ਦੀ ਮੈਡੀਕਲ ਸਰਵਿਸੇਜ਼ ਦੇ ਚੇਅਰਮੈਨ ਹਰਜੀਤ ਸਿੰਘ ਦੁੱਗਲ, ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਅਤੇ ਹਸਪਤਾਲ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਮਨਦੀਪ ਸਿੰਘ ਮਲਹੋਤਰਾ ਨੇ ਵੀ ਆਪਣੇ ਵਿਚਾਰ ਰੱਖੇ।
Punjab Post Daily Online Newspaper & Print Media