ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ ਸੱਗੂ)- ਕਾਂਗਰਸ ਹਾਈਕਮਾਨ ਵਲੋਂ ਉੱਤਰੀ ਹਲਕੇ ’ਚ ਬਾਹਰੀ ਵਿਅਕਤੀ ਸੁਨੀਲ ਦੱਤੀ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ਨੇ ਜ਼ੋਰ ਫੜ ਲਿਆ ਹੈ। ਅੱਜ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ, ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਪੱਪੂ ਅਤੇ ਜੋਗਿੰਦਰਪਾਲ ਢੀਂਗਰਾ ਨੇ ਇੱਕ ਮੰਚ ’ਤੇ ਇਕੱਠੇ ਹੋ ਕੇ ਪਾਰਟੀ ਦੇ ਫੈਸਲੇ ਦਾ ਵਿਰੋਧ ਕੀਤਾ।ਇੱਕ ਅਹਿਮ ਮੀਟਿੰਗ ਵਿੱਚ ਤਿੰਨਾਂ ਨੇ ਸਰਵਸੰਮਤੀ ਨਾਲ ਕਿਹਾ ਕਿ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਕਿਸੇ ਹੋਰ ਹਲਕੇ ਦਾ ਉਮੀਦਵਾਰ ਮਨਜ਼ੂਰ ਨਹੀਂ ਹੈ।

ਕਾਂਗਰਸੀ ਅਗੂਆਂ ਨੇ ਸੰਯੁਕਤ ਰੂਪ ਤੋਂ ਜਾਰੀ ਪ੍ਰੈਸ ਬਿਆਨ ’ਚ ਕਾਂਗਰਸ ਦੇ ਵੱਲੋਂ ਲਏ ਗਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਿਛਲੇ 15-20 ਸਾਲਾਂ ਤੋਂ ਹਲਕੇ ਦੀ ਸੇਵਾ ਕਰ ਰਹੇ ਹਨ। ਹੁਣ ਜਦੋਂ ਚੋਣ ਆਈ ਹੈ ਤਾਂ ਪਾਰਟੀ ਨੇ ਹਲਕੇ ਦੇ ਆਗੂਆ ਦੀ ਅਣਦੇਖੀ ਕਰ ਕੇ ਬਾਹਰੀ ਵਿਅਕਤੀ ਜਿਸ ਦਾ ਹਲਕੇ ਵਿੱਚ ਕੋਈ ਆਧਾਰ ਵੀ ਨਹੀਂ ਹੈ, ਨੂੰ ਟਿਕਟ ਦੇ ਕੇ ਵਿਰੋਧੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਤਿੰਨੇ ਇਕੱਠੇ ਹਨ ਅਤੇ ਪਾਰਟੀ ਤਿੰਨਾਂ ਵਲੋਂ ਕਿਸੇ ਇੱਕ ਨੂੰ ਟਿਕਟ ਦੇਵੇਗੀ ਤਾਂ ਉਹ ਮਿਲ ਕੇ ਚੋਣ ਲੜਣਗੇ ਅਤੇ ਪਾਰਟੀ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭਿਜਵਾਉਣਗੇਂ। ਉਨ੍ਹਾਂ ਨੇ ਕਿਹਾ ਕਿ ਜੇਕਰ ਹਾਈਕਮਾਨ ਆਪਣਾ ਫੈਸਲਾ ਨਹੀਂ ਬਦਲਦੀ ਹੈ ਤਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਮਜਬੂਰਨ ਅਜਿਹਾ ਫੈਸਲਾ ਲੈਣਾ ਪਵੇਗਾ, ਜੋ ਪਾਰਟੀ ਹਿੱਤ ਵਿੱਚ ਨਹੀਂ ਹੋਵੇਗਾ ।
Punjab Post Daily Online Newspaper & Print Media