ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) -ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਉਪਕਾਰ ਸਿੰਘ ਸੰਧੂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਲੰਟੀਅਰਾਂ ਸਮੇਤ ਰੂਹਾਨੀਅਤ ਦੇ ਕੇਂਦਰ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਨੱਤਮਸਤਕ ਹੋਣ ਉਪਰੰਤ ਸ਼੍ਰੀ ਦੁਗਗਿਆਨਾ ਮੰਦਿਰ ਅਤੇ ਸ਼੍ਰੀ ਰਾਮ ਤੀਰਥ ਵਿਖੇ ਮੱਥਾ ਟੇਕਿਆ।

ਪੱਤਰਕਾਰਾਂ ਨਾਲ ਗੱਲਬਾਰ ਕਰਦਿਆਂ ਸੰਧੂ ਨੇ ਕਿਹਾ ਕਿ ਉਹ ਪਰਮਾਤਮਾ ਵੱਲੋਂ ਬਖਸ਼ੀ ਗਈ ਇਸ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਦੇ ਹੋਏ ਲੋਕਾਂ ਦੀ ਆਸ ਉਪਰ ਖਰਾ ਉਤਰਨ ਦੀ ਤਹਿ ਦਿਲੋ ਕੋਸ਼ਿਸ਼ ਕਰਨਗੇ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਗੰਦਲੀ ਹੋਈ ਰਾਜਨੀਤੀ ਨੂੰ ਸਾਫ਼ ਕਰਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਨਾਉਣਾ ਹੈ ਅਤੇ ਇਹ ਇਕ ਵਾਹਿਦ ਪਾਰਟੀ ਹੈ ਜੋ ਕਿ ਇਸ ਟੀਚੇ ਨੂੰ ਪੂਰਾ ਕਰ ਸਕਦੀ ਹੈ।ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਹੋਇਆ ਸੰਧੂ ਨੇ ਕਿਹਾ ਕਿ 1857 ਤੋਂ 1947 ਤੱਕ ਕ੍ਰਾਂਤੀਕਾਰੀਆਂ ਨੇ ਬੇਸ਼ੁਮਾਰ ਤਸੀਹੇ ਝੱਲ ਕੇ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ।ਪਰ ਸਮੇਂ ਦੇ ਨਾਲ ਨਾਲ ਲਾਲਚੀ ਆਗੂਆਂ ਨੇ ਆਪਣੇ ਜਾਤੀ ਮੁਫਾਦਾਂ ਦੀ ਪੂਰਤੀ ਲਈ ਭਾਰਤ ਦੇ ਹਰ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਇਸ ਡੂੰਘਿਆਈ ਤੱਕ ਪਹੁੰਚਾ ਦਿੱਤਾ ਹੈ ਕਿ ਹਰ ਨਾਗਰਿਕ ਇਨ੍ਹਾਂ ਭ੍ਰਿਸ਼ਟ ਆਗੂਆਂ ਤੋਂ ਨਿਜ਼਼ਾਤ ਪਾਉਣਾ ਚਾਹੁੰਦਾ ਹੈ।ਪੰਜਾਬ ਵਾਸੀਆਂ ਕੋਲ ਭ੍ਰਿਸ਼ਟਾਚਾਰ ਅਤੇ ਨਸੇ਼ ਦੇ ਵਪਾਰਿਆਂ ਨੂੰ ਸਰਪ੍ਰਸਤੀ ਦੇਣ ਵਾਲੇ ਅਕਾਲੀ ਅਤੇ ਕਾਂਗਰਸੀ ਆਗੂਆਂ ਨੂੰ ਸ਼ੀਸ਼ਾ ਦਿਖਾਉਣ ਦਾ ਮੌਕਾ ਮਿਲਿਆ ਹੈ ਜੋ ਕਿ ਉਹਨਾਂ ਨੂੰ ਜ਼ਾਇਆ ਨਹੀ ਕਰਨਾ ਚਾਹੀਦਾ।ਉਹਨਾਂ ਕਿਹਾ ਕਿ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਇਸ ਲੋਟੂ ਟੋਲੇ ਨੂੰ ਰਾਜਨੀਤਿਕ ਨਕਸ਼ੇ ਤੋਂ ਮਿਟਾ ਕੇ ਪੰਜਾਬ ਨੂੰ ਖੁਸ਼ਹਾਲ ਬਨਾਉਣ ਲਈ ਆਮ ਆਦਮੀ ਪਾਰਟੀ ਨੂੰ ਸੇਵਾ ਦਾ ਮੌਕਾ ਦੇਣ।ਇਸ ਮੌਕੇ ਰਾਸ਼ਟਰੀ ਕੌਂਸਲ ਮੈਂਬਰ ਅਸ਼ੋਕ ਤਲਵਾੜ, ਹਰਿੰਦਰ ਸਿੰਘ, ਮੀਡਿਆ ਇੰਚਾਰਜ਼ ਮਾਝਾ ਜੋਨ ਗੁਰਭੇਜ ਸਿੰਘ ਸੰਧੂ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸੂਬਾ ਸਯੁੰਕਤ ਸਕੱਤਰ ਜੇ.ਐਸ ਗਿੱਲ ਐਡਵੋਕੇਟ, ਮਨਦੀਪ ਸਿੰਘ ਮੋਗਾਂ, ਸੋਹਨ ਲਾਲ ਖੰਨਾ, ਸੱਤਪਾਲ ਸੋਖੀ, ਹਰਮਿੰਦਰ ਸਿੰਘ, ਬਲਵਿੰਦਰ ਕਿੰਗ, ਅੰਮ੍ਰਿਤ ਪਾਲ ਸਿੰਘ ਬੱਬੂ, ਬਲਦੇਵ ਵਡਾਲੀ, ਸੰਨਪ੍ਰੀਤ ਸਿੰਘ ਅਤੇ ਹੋਰ ਵਲੰਟੀਅਰ ਮੌਜੂਦ ਸਨ।
Punjab Post Daily Online Newspaper & Print Media