Sunday, April 19, 2026

ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਦੇ 100 ਫੀਸਦੀ ਵੋਟਿੰਗ ਦਾ ਸੱਦਾ

ਬਠਿੰਡਾ, 16 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਨੇ ਅੱਜ ਜ਼ਿਲ੍ਹੇ ਦੇ ਵੋਟਰਾਂ ਨੂੰ ਨੈਤਿਕ ਕਦਰਾਂ-ਕੀਮਤਾਂ ’ਤੇ ਅਧਾਰਿਤ ਵੋਟਿੰਗ ਵਿਚ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਕਰਕੇ ਆਪਣਾ ਬਣਦਾ ਲੋਕਤੰਤਰੀ ਫਰਜ਼ ਨਿਭਾਉਣਾ ਚਾਹੀਦਾ ਹੈ।

Ghanshyam Thori

ਜ਼ਿਲ੍ਹੇ ਦੇ ਵੋਟਰਾਂ ਨੂੰ 100 ਫੀਸਦੀ ਵੋਟਿੰਗ ਦੀ ਅਪੀਲ ਕਰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਬਠਿੰਡਾ ਦੇ 6 ਵਿਧਾਨ ਸਭਾ ਹਲਕਿਆਂ ਵਿਚ ਕੁੱਲ ਦਸ ਲੱਖ ਦੇ ਕਰੀਬ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਿੰਗ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਵੋਟਰਾਂ ਨੂੰ ਜਾਗਰੂਕ ਅਤੇ ਸਿੱਖਿਅਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੀਪ ਪ੍ਰੋਗਰਾਮ ਤਹਿਤ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਵੋਟਰ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ ਬਣਕੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਥੋਰੀ ਨੇ ਦੱਸਿਆ ਕਿ ਜੇਕਰ ਕੋਈ ਪਾਰਟੀ ਜਾਂ ਉਮੀਦਵਾਰ ਵੋਟਰਾਂ ਨੂੰ ਕਿਸੇ ਜਾਤ, ਧਰਮ ਜਾਂ ਕਿਸੇ ਹੋਰ ਲਾਲਚ ਤਹਿਤ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਨੂੰ ਸਿੱਧੇ ਤੌਰ ’ਤੇ ਗੈਰ ਕਾਨੂੰਨੀ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਸਬੰਧਤ ਵਿਅਕਤੀ ਆਦਿ ਦੇ ਖਿਲਾਫ ਭਾਰਤੀ ਦੰਡਾਵਲੀ ਸੰਘਤਾ ਦੇ ਸੈਕਸ਼ਨ 171 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨੈਤਿਕ ਕਦਰਾਂ-ਕੀਮਤਾਂ ’ਤੇ ਅਧਾਰਿਤ ਵੋਟਿੰਗ ਦੀ ਹਮਾਇਤ ਕਰਨ ਦੇ ਨਾਲ-ਨਾਲ ਇਸ ਨੂੰ ਯਕੀਨੀ ਬਣਾਉਣ ਅਤੇ ਪਾਬੰਦੀਸ਼ੁਦਾ ਗਤੀਵਿਧੀਆਂ ਦਾ ਡਟਕੇ ਵਿਰੋਧ ਕਰਨ ਤਾਂ ਜੋ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 247 ਟੋਲ ਫਰੀ ਹੈਲਪਲਾਈਨ ਨੰਬਰ 1800-180-2332 ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਸ਼ਿਕਾਇਤ ਸੈਲ 0164-2224917 ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਚੋਣਾਂ ਸਬੰਧੀ ਸ਼ਿਕਾਇਤਾਂ ’ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਸੀ.ਈ.ਓ. ਪੰਜਾਬ ਦੀ ਵੈਬਸਾਈਟ ’ਤੇ ਲੋਕਾਂ ਦੀ ਸਹੂਲਤ ਲਈ ਸਮਾਧਾਨ, ਸੁਵਿਧਾ ਅਤੇ ਸੁਗਮ ਨਾਮੀ ਪੋਰਟਲ ਬਣਾਏ ਗਏ ਹਨ ਤਾਂ ਜੋ ਵੋਟਰ, ਲੋਕ ਅਤੇ ਸਿਆਸੀ ਪਾਰਟੀਆਂ ਸਿੱਧੇ ਤੌਰ ’ਤੇ ਲੋੜੀਂਦੀਆਂ ਸੇਵਾਵਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1051 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ’ਚੋਂ 324 ਸ਼ਹਿਰੀ ਅਤੇ 727 ਪੇਂਡੂ ਖੇਤਰਾਂ ਵਿਚ ਸਥਾਪਿਤ ਹਨ। ਚੋਣ ਕਮਿਸ਼ਨ ਵਲੋਂ ਪਹਿਲੀ ਵਾਰ ਲਾਂਚ ਕੀਤੀਆਂ ਜਾ ਰਹੀਆਂ ਵੀ.ਵੀ.ਪੈਟ ਮਸ਼ੀਨਾਂ ਬਠਿੰਡਾ ਦੇ ਸ਼ਹਿਰੀ ਅਤੇ ਦਿਹਾਤੀ ਹਲਕੇ ਵਿਚ ਲੱਗਣਗੀਆਂ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply