Monday, March 16, 2026

ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਜਥੇਦਾਰ ਨੇ ਕੌਮ ਨੂੰ ਇੱਕਜੁਟ ਹੋਣ ਦਾ ਦਿੱਤਾ ਸੱਦਾ

PPN1701201704
ਨਵੀਂ ਦਿੱਲੀ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਇੱਕਜੁਟ ਹੋਣ ਦਾ ਸੱਦਾ ਦਿੱਤਾ ਹੈ। ਉਨਾਂ  ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਦਰਦ ਨੂੰ ਬਿਆਨ ਕਰਦੀ ਉਸਾਰੀ ਗਈ ‘ਸੱਚ ਦੀ ਕੰਧ’ ਯਾਦਗਾਰ ਦੇ ਉਦਘਾਟਨ ਉਪਰੰਤ ਅਰਦਾਸ ਸਮਾਗਮ ਦੌਰਾਨ ਕੌਮ ਨੂੰ ਸੰਦੇਸ਼ ਦਿੰਦੇ ਹੋਏ ਉਕਤ ਸ਼ਬਦ ਕਹੇ।ਯਾਦਗਾਰ ਦੀ ਉਸਾਰੀ ਲਈ ਦਿੱਲੀ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਦਿੱਲੀ ਕਮੇਟੀ ਨੂੰ ਵੱਡੇ ਪੱਧਰ ’ਤੇ ਉਪਰਾਲੇ ਕਰਨ ਦੀ ਵੀ ਹਿਦਾਇਤ ਦਿੱਤੀ।
ਅਰਦਾਸ ਸਮਾਗਮ ’ਚ ਦਿੱਲੀ ਕਮੇਟੀ ਦੇ ਹਜੂਰੀ ਰਾਗੀ ਜਥਿਆਂ ਤੇ ਭਾਈ ਤੇਜਿੰਦਰ ਸਿੰਘ ਖੰਨੇ ਵਾਲੇ ਨੇ ਕੀਰਤਨ, ਬਾਬਾ ਬੰਤਾ ਸਿੰਘ ਨੇ ਕਥਾ ਵਿਚਾਰਾਂ, ਭਾਈ ਕਵਲਜੀਤ ਸਿੰਘ ਦਿੱਲੀ ਵਾਲੇ ਦੇ ਜਥੇ ਨੇ ਕਵੀਸ਼ਰੀ ਅਤੇ ਭਾਈ ਤਰਸ਼ੇਮ ਸਿੰਘ ਮੋਰਾਂਵਾਲੀ ਨੇ ਢਾਢੀ ਪ੍ਰਸੰਗ ਰਾਹੀਂ ਸੰਗਤਾਂ ਨੂੰ ਸਿੱਖ ਕੌਮ ਨਾਲ 1984 ਵਿਚ ਹੋਏ ਧੱਕੇ ਨਾਲ ਜੋੜਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਤਲੇਆਮ ਪੀੜਤ ਪਰਿਵਾਰਾਂ ਦੇ ਆਗੂ ਮੋਹਨ ਸਿੰਘ, ਆਤਮਾ ਸਿੰਘ ਲੁਬਾਣਾ ਅਤੇ ਬਾਬੂ ਸਿੰਘ ਦੁੱਖੀਆ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਜੀ.ਕੇ ਨੇ ਕਿਹਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਅਤਿਆਚਾਰਾਂ ਨੂੰ ਦੇਖ ਕੇ ਉਸ ਨੂੰ ਜਾਬਰ ਐਲਾਨਿਆਂ ਸੀ ਉਸੇ ਤੋਂ ਪ੍ਰੇਰਣਾਂ ਲੈਂਦੇ ਹੋਏ ਦਿੱਲੀ ਕਮੇਟੀ ਨੇ 1984 ’ਚ ਸਿੱਖਾਂ ਨਾਲ ਹੋਏ ਧੱਕੇ ਦੀ ਗਵਾਹੀ ਭਰਦੀ ‘ਸੱਚ ਦੀ ਕੰਧ’ ਦੀ ਉਸਾਰੀ ਕਰਕੇ ਸੱਚ ਨੂੰ ਬਿਆਨ ਕਰਨ ਦੀ ਗੁਸਤਾਖ਼ੀ ਕੀਤੀ ਹੈ। ਸਿੱਖ ਸੱਚ ਨੂੰ ਸੱਚ ਕਹਿਣ ਤੋਂ ਨਾ ਪਹਿਲੇ ਡਰਦਾ ਸੀ ਤੇ ਨਾ ਹੀ ਅੱਜ ਡਰਦਾ ਹੈ।ਜੀ.ਕੇ ਨੇ ਆਸ ਜਤਾਈ ਕਿ ਸਿੱਖਾਂ ਦੇ ਕਤਲ ਹੋਣ ਦੇ ਪ੍ਰਤੀਕ ਵੱਜੋਂ ਉਸਾਰੀ ਗਈ ‘ਸੱਚ ਦੀ ਕੰਧ’ ਆਖਿਰੀ ਯਾਦਗਾਰ ਹੋਵੇਗੀ। ਸਰਕਾਰਾਂ ਨੂੰ ਸਿੱਖਾਂ ਦੀ ਕੁਰਬਾਨੀਆਂ ਅਤੇ ਵੱਫਾਦਾਰੀਆਂ ਬਾਰੇ ਸਮਝਾਉਣ ਦਾ ਇਸਤੋਂ ਬਾਅਦ ਸ਼ਾਇਦ ਕੋਈ ਨਵਾਂ ਦਸਤਾਵੇਜ਼ ਨਾ ਬਣੇ।
ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਦੇ ਕਾਰਜਕਾਲ ਦੌਰਾਨ ਬਣੀ ਯਾਦਗਾਰ ਨੂੰ ‘ਸੇਵਕ ਕੋ ਸੇਵਾ ਬਣਿ ਆਈ’ ਦੇ ਤੌਰ `ਤੇ ਪਰਿਭਾਸ਼ਿਤ ਕਰਦੇ ਹੋਏ ਸਿੱਖਾਂ ਨੂੰ ਸਰਕਾਰਾਂ ਵੱਲੋਂ ਯਾਦਗਾਰ ਲਈ 2 ਗਜ਼ ਜਮੀਨ ਨਾ ਦਿੱਤੇ ਜਾਣ ਦੇ ਦਰਦ ਵੀ ਬਿਆਨ ਕੀਤਾ।ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਕਾਤਲਾਂ ਨੂੰ ਕਾਨੂੰਨੀ ਸ਼ਿਕੰਜੇ ਵਿਚ ਕਰਨ ਲਈ ਵੱਡੀ ਜਦੋਜ਼ਹਿਦ ਕਰ ਰਹੀ ਹੈ, ਪਰ ਇਹ ਵੱਡਾ ਕਾਰਜ ਸੰਗਤਾਂ ਦੀਆਂ ਅਰਦਾਸਾਂ ਤੋਂ ਬਿਨਾਂ ਨੇਪਰੇ ਨਹੀਂ ਚੜ੍ਹ ਸਕਦਾ। ਸਿਰਸਾ ਨੇ ਯਾਦਗਾਰ ਨੂੰ ਕੌਮ ਦੀ ਭਾਵਨਾਵਾਂ ਦਾ ਪ੍ਰਗਟੀਕਰਨ ਦੱਸਿਆ।ਡਾ. ਜਸਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਲੜੀ ਜਾ ਰਹੀ ਕਾਨੂੰਨੀ ਲੜਾਈ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਪਟਿਆਲਾ ਵਿਚ ਬੈਠ ਕੇ ਜਦੋਂ ਉਹ ਅਖ਼ਬਾਰਾਂ ਰਾਹੀਂ ਨਾਲ ਇਸ ਮਸਲੇ ’ਤੇ ਦਿੱਲੀ ਕਮੇਟੀ ਦੀ ਸਰਗਰਮ ਭੂਮਿਕਾ ਬਾਰੇ ਖ਼ਬਰਾਂ ਪੜ੍ਹਦੇ ਹਨ ਤਾਂ ਦਿਲ ਨੂੰ ਤਸੱਲੀ ਮਿਲਦੀ ਹੈ ਕਿ ਕੋਈ ਤਾਂ ਛਾਤੀ ਖੋਹਲ ਕੇ ਕੌਮ ਦੀ ਭਾਵਨਾਵਾਂ ਦੀ ਰਾਖੀ ਲਈ ਲੜਾਈ ਲੜ ਰਿਹਾ ਹੈ। ਹਿੱਤ ਅਤੇ ਭੋਗਲ ਨੇ ਯਾਦਗਾਰ ਨੂੰ ਬੇਮਿਸਾਲ ਦੱਸਦੇ ਹੋਏ ਬੀਤੇ 32 ਸਾਲਾਂ ਦੌਰਾਨ ਦੇ ਆਪਣੇ ਤਜਰਬੇ ਨੂੰ ਵੀ ਸਾਂਝਾ ਕੀਤਾ।ਪੀੜਤਾਂ ਵੱਲੋਂ ਜੀ.ਕੇ ਨੂੰ ਧੰਨਵਾਦ ਵੱਜੋਂ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ।ਪੀੜਤ ਆਗੂਆਂ ਨੇ ਕਿਹਾ ਕਿ ਮੌਜੂਦਾ ਕਮੇਟੀ ਨੇ ਉਨ੍ਹਾਂ ਲਈ ਜੋ ਕੁੱਝ ਕੀਤਾ ਹੈ, ਉਹ ਇਤਿਹਾਸ ’ਚ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ। ਚਾਹੇ ਉਹ ਪੀੜਤਾਂ ਦੇ ਸਮਾਜਿਕ, ਆਰਥਿਕ, ਵਿੱਦਿਅਕ ਤੇ ਕਾਨੂੰਨੀ ਸਹਾਇਤਾ ਦੀ ਗੱਲ ਹੋਵੇ ਜਾਂ ਯਾਦਗਾਰ ਦੀ ਉਸਾਰੀ ਦਾ ਕਾਰਜ ਹੋਵੇ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਰਵੇਲ ਸਿੰਘ, ਗੁਰਵਿੰਦਰ ਪਾਲ ਸਿੰਘ, ਸਮਰਦੀਪ ਸਿੰਘ ਸੰਨੀ, ਹਰਦੇਵ ਸਿੰਘ ਧਨੋਆ ਆਦਿਕ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply