ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭੁੱਲਰ ਗੋਤ ਦੇ ਵੱਡ ਵਡੇਰੇ ਸਿੱਧ ਬਾਬਾ ਭੁੱਲਰ ਦੀ ਸਮਾਧ ਵਾਲੇ ਧਾਰਮਿਕ ਸਥਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿੱਚ ਕਰਨ ਦੀਆਂ ਸਾਜਿਸ਼ਾਂ ਨੂੰ ਰੋਕਣ ਲਈ ਸ੍ਰੋਮਣੀ ਅਕਾਲੀ ਦਲ ਅਤੇ ਬਾਦਲ ਸਰਕਾਰ ਵੱਲੋਂ ਲਾਰੇ ਲੱਪੇ ਲਾਉਣ ਕਾਰਨ ਰੋਸ ਵਜੋਂ ਭੁੱਲਰ ਭਾਈਚਾਰੇ ਨੇ ਸਮੁੱਚੇ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਇੱਥੇ ਇਹ ਵੀ ਵਰਨਣ ਯੋਗ ਹੈ ਕਿ ਪੰਜਾਬ ਵਿੱਚ ਭੁੱਲਰ ਭਾਈਚਾਰੇ ਦੀ ਕਈ ਲੱਖ ਵੋਟ ਹੈ, ਕਈ ਹਲਕਿਆਂ ਵਿੱਚ ਪਿੰਡਾਂ ਦੀ ਬਹੁਗਿਣਤੀ ਭੁੱਲਰਾਂ ਨਾਲ ਸਬੰਧਤ ਹੈ।ਇਸ ਸਥਾਨ ਦੀ ਸੇਵਾ ਸੰਭਾਲ ਲਈ ਕੰਮ ਕਰਨ ਵਾਲੀ ਜਥੇਬੰਦੀ ਇੰਤਜ਼ਾਮੀਆ ਕਮੇਟੀ ਗੁਰਦੁਆਰਾ ਸਾਹਿਬ ਮਾੜੀ ਸਿੱਖਾਂ ਦੀ ਮੀਟਿੰਗ ਪ੍ਰਧਾਨ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਸ ਜਿਲ੍ਹੇ ਦੇ ਪਿੰਡ ਢਿਪਾਲੀ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਭੁੱਲਰ ਭਾਈਚਾਰੇ ਦੀ ਵਿਰਾਸਤ ਦੇ ਕਬਜੇ ਸਬੰਧੀ ਸੁਰੂ ਤੋਂ ਹੀ ਧੱਕਾ ਕੀਤਾ ਹੈ ਅਤੇ ਅੱਜ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰੀ ਨੀਤੀ ਦਾ ਵਿਰੋਧ ਕਰਦਿਆਂ ਸ੍ਰੋਮਣੀ ਅਕਾਲੀ ਦਲ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਫੈਸਲੇ ਬਾਰੇ ਸਪਸਟਤਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਉਮੀਦਵਾਰਾਂ ਦਾ ਚੋਣਾਂ ਦੌਰਾਨ ਸਾਂਤਮਈ ਵਿਰੋਧ ਕੀਤਾ ਜਾਵੇਗਾ, ਪਰੰਤੂ ਕਿਸੇ ਹੋਰ ਪਾਰਟੀ ਵੱਲੋਂ ਇਸ ਮਾਮਲੇ ਵਿੱਚ ਸਹਿਯੋਗ ਨਾ ਦੇਣ ਕਾਰਨ ਕਿਸੇ ਇੱਕ ਪਾਰਟੀ ਦੀ ਜਥੇਬੰਦੀ ਵੱਲੋਂ ਮੱਦਦ ਦਾ ਫੈਸਲਾ ਨਹੀਂ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸਕੱਤਰ ਬਲਦੇਵ ਸਿੰਘ ਬਠਿੰਡਾ ਨੇ ਦੱਸਿਆ ਸ਼੍ਰੋਮਣੀ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਕੁੱਝ ਸਾਲ ਬਾਅਦ 1936 ਅੰਗਰੇਜੀ ਰਾਜ ਸਮੇਂ ਪੰਜ ਗੁਰਦੁਆਰਾ ਸਾਹਿਬਾਨਾਂ ਨੂੰ ਇੱਕਠੇ ਕਰਦਿਆਂ ਸੇਵਾ ਸੰਭਾਲ ਲਈ ਸ੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਸਨ।1974 ਵਿੱਚ ਇਸ ਸਮਾਧ ਵਾਲੀ ਜਗਾ ਦੇ ਸਹੀ ਹੱਕਦਾਰ ਭੁੱਲਰ ਭਾਈਚਾਰੇ ਨੂੰ ਸਵੀਕਾਰ ਕਰਦਿਆਂ ਡੀ-ਨੋਟੀਫਾਈ ਕਰਕੇ ਇਸ ਸਥਾਨ ਨੂੰ ਬਾਕੀ ਗੁਰਦੁਆਰਾ ਸਾਹਿਬਾਨਾਂ ਨਾਲੋਂ ਵੱਖ ਕਰਕੇ ਭੁੱਲਰ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ।ਉਨਾਂ ਦੱਸਿਆ ਕਿ 1981 ਵਿੱਚ ਅਕਾਲੀ ਦਲ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਾਜਿਸ਼ ਤਹਿਤ ਮੁੜ ਪੰਜ ਗੁਰਦੁਆਰਾ ਸਾਹਿਬਾਨਾਂ ਦੀ ਆਮਦਨ ਇਕੱਠੀ ਦਿਖਾ ਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਾਮਲ ਕਰਕੇ ਕਬਜ਼ਾ ਕਰਨ ਦੀ ਕੋਸਿਸ ਕੀਤੀ। ਭੁੱਲਰ ਭਾਈਚਾਰੇ ਨੇ ਇਸ ਸਾਜਿਸ ਦਾ ਪਰਦਾਫਾਸ ਕਰਦਿਆਂ ਸੰਘਰਸ ਸੁਰੂ ਕਰ ਦਿੱਤਾ। ਧਰਨਿਆਂ ਮੁਜਾਹਰਿਆਂ ਤੋਂ ਇਲਾਵਾ ਅਦਾਲਤੀ ਲੜਾਈ ਵੀ ਸੁਰੂ ਕੀਤੀ ਗਈ। ਸ੍ਰੋਮਣੀ ਕਮੇਟੀ ਵੱਲੋਂ ਪੇਸ ਕੀਤੇ 7 ਅਪਰੈਲ 2010 ਦੇ ਨੋਟੀਫਿਕੇਸਨ ਨੂੰ ਅਦਾਲਤ ਵੱਲੋਂ ਝੂਠਾ ਕਰਾਰ ਦੇ ਦਿੱਤਾ ਗਿਆ ਹੈ।
ਕਈ ਸਾਲਾਂ ਤੋਂ ਕੀਤੇ ਜਾ ਰਹੇ ਸੰਘਰਸ ਦੌਰਾਨ ਭੁੱਲਰ ਜਥੇਬੰਦੀ ਦੇ ਨੁਮਾਇੰਦੇ ਸਥਾਨਕ ਅਕਾਲੀ ਆਗੂਆਂ ਤੋਂ ਮੁੱਖ ਮੰਤਰੀ ਬਾਦਲ ਤੱਕ ਪਹੁੰਚ ਕਰਦੇ ਰਹੇ, ਜਿਹਨਾਂ ਹਮੇਸ਼ਾਂ ਇਹ ਭਰੋਸਾ ਤਾਂ ਦਿੱਤਾ ਕਿ ਇਹ ਜਗਾ ਭੁੱਲਰ ਭਾਈਚਾਰੇ ਦੀ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਹੱਕ ਵਿੱਚ ਮਤਾ ਪਵਾਇਆ ਜਾਵੇਗਾ, ਪਰ ਅਮਲ ਵਿੱਚ ਕੁੱਝ ਨਹੀਂ ਕੀਤਾ ਗਿਆ ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਸਮੁੱਚੇ ਮਾਮਲੇ ਸਬੰਧੀ ਕਾਗਜਾਤ ਪੇਸ਼ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾ ਰਹੀ ਹੈ।ਮੀਟਿੰਗ ਦੇ ਫੈਸਲੇ ਅਨੁਸਾਰ ਸ੍ਰੋਮਣੀ ਅਕਾਲੀ ਦਲ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ, ਹੋਰ ਕਿਸੇ ਵੀ ਪਾਰਟੀ ਦੇ ਸਮਰਥਨ ਦਾ ਵਿਸੇਸ ਫੈਸਲਾ ਨਹੀਂ ਲਿਆ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ ਜਿਉਂਦ ਮੀਤ ਪ੍ਰਧਾਨ, ਅੰਗਰੇਜ ਸਿੰਘ, ਸਾਧੂ ਸਿੰਘ, ਰਾਜਵਿੰਦਰ ਸਿੰਘ, ਬਲਵੀਰ ਸਿੰਘ, ਸੀਰਾ ਸਿੰਘ ਗੁਲਜਾਰ ਸਿੰਘ ਆਦਿ ਹਾਜਰ ਸਨ।
Check Also
ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਅੰਮ੍ਰਿਤਸਰ, 16 ਮਾਰਚ (ਜਗਦੀਪ …
Punjab Post Daily Online Newspaper & Print Media