ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – 4 ਫਰਵਰੀ ਨੂੰ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਨਾਲ ਇਸ ਵਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਲੋਕ ਸਭਾ ਦੀਆਂ ਵੋਟਾਂ ਵੀ ਪਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਸਾਰੇ ਵੋਟਰਾਂ ਨੂੰ ਇਹ ਮੌਕਾ ਖੁੰਝਣਾ ਨਹੀਂ ਚਾਹੀਦਾ।ਇਸ ਲਈ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ, ਉਹ ਜਿੱਥੇ ਆਪਣੇ ਕੀਮਤੀ ਵੋਟ ਦੀ ਵਰਤੋਂ ਕਰੇ, ਉਥੇ ਆਪਣੇ ਨਾਲ ਕੰਮ ਕਰਦੇ, ਵਿਚਰਦੇ ਲੋਕਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰੇ।ਉਕਤ ਪ੍ਰਗਟਾਵਾ ਕਰਦੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਮੈਡਮ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਵਾਰ ਵੋਟਰਾਂ ਨੂੰ ਬੂਥਾਂ ਤੱਕ ਲਿਜਾਣ ਵਾਸਤੇ ਹਰ ਹੀਲਾ ਵਰਤ ਰਿਹਾ ਹੈ।ਉਨਾਂ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਹਰ ਸਕੂਲ ਵਿਚ ਬੱਚਿਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾ ਕੇ ਇਹ ਸੰਦੇਸ਼ ਉਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਹੁਣ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ’ਤੇ ਜ਼ਿਲ੍ਹੇ ਪੱਧਰ ਦਾ ਪ੍ਰੋਗਰਾਮ ਉਲੀਕਣ ਦੇ ਨਾਲ-ਨਾਲ ਕੰਪਨੀ ਬਾਗ ਤੋਂ ‘ਵਾਕ ਫਾਰ ਵੋਟ’ ਕਰਵਾਈ ਜਾ ਰਹੀ ਹੈ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਬੱਚਂੇ, ਸਰਕਾਰੀ ਕਰਮਚਾਰੀ, ਐਨ.ਜੀ.ਓ, ਬੈਂਕ ਕਰਮਚਾਰੀ, ਕਾਲਜਾਂ ਦੇ ਬੱਚੇ ਭਾਗ ਲੈਣਗੇ।

ਸ੍ਰੀਮਤੀ ਗਿਰੀ ਨੇ ਦੱਸਿਆ ਕਿ ਇਸ ਵਾਰ ਸਕੂਲਾਂ ਵਿਚ ਬੱਚਿਆਂ ਨੂੰ 25 ਹਜ਼ਾਰ ਦੇ ਕਰੀਬ ਸੰਕਲਪ ਪੱਤਰ ਭਰਵਾਏ ਗਏ ਹਨ, ਜਿਸ ਵਿਚ ਉਨਾਂ ਪ੍ਰਣ ਕੀਤਾ ਹੈ ਕਿ ਉਹ ਵੋਟ ਪਾਉਣ ਲਈ ਆਪਣੇ ਮਾਤਾ-ਪਿਤਾ ਅਤੇ ਵੱਡੇ ਭੈਣ-ਭਰਾਵਾਂ ਨੂੰ ਪ੍ਰੇਰਿਤ ਕਰਨਗੇ ਅਤੇ ਇਹ ਯਕੀਨੀ ਬਨਾਉਣਗੇ ਕਿ ਉਹ ਵੋਟ ਪਾ ਕੇ ਆਉਣ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਕੂਲਾਂ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਰੈਲੀ, ਲੇਖ ਮੁਕਾਬਲੇ, ਸਲੋਗਨ ਮੁਕਾਬਲੇ, ਸੈਲਫੀ ਮੁਕਾਬਲੇ ਜਿਸ ਵਿਚ ਵੋਟ ਕਾਰਡ ਦੇ ਨਾਲ ਪਰਿਵਾਰ ਦੀ ਫੋਟੋ ਸ਼ਾਮਿਲ ਹੈ, ਕਰਵਾਏ ਜਾ ਚੁੱਕੇ ਹਨ ਅਤੇ ਹੁਣ ਇਸ ਮੁੱਦੇ ’ਤੇ ਮਾਪੇ-ਅਧਿਆਪਕ ਮਿਲਣੀ ਸਕੂਲਾਂ ਵਿਚ 31 ਜਨਵਰੀ ਨੂੰ ਰੱਖੀ ਜਾਵੇਗੀ।ਇਸੇ ਤਰਾਂ ਕੱਲ ਕਰਮਪੁਰਾ ਸਕੂਲ ਤੋਂ 11 ਵਜੇ ਰਣਜੀਤ ਐਵੀਨਿਊ ਵਿਚ ਬੱਚੇ ਸਾਈਕਲ ਰੈਲੀ ਕਰਦੇ ਹੋਏ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ।
ਸ੍ਰੀਮਤੀ ਗਿਰੀ ਨੇ ਅੱਜ ਇਸ ਸਬੰਧੀ ਹੋਟਲ ਮਾਲਕਾਂ ਅਤੇ ਪ੍ਰਿਟਿੰਗ ਪ੍ਰੈਸ ਮਾਲਕਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਤੋਂ ਇਸ ਅਹਿਮ ਮੁੱਦੇ ’ਤੇ ਸਹਿਯੋਗ ਮੰਗਿਆ, ਜਿਸ ਵਿਚ ਉਨਾਂ ਹੋਟਲ ਮਾਲਕਾਂ ਨੂੰ ਨਵੇਂ ਅਤੇ ਬਜ਼ੁਰਗ ਵੋਟਰਾਂ ਨੂੰ ਵੋਟ ਪਾਉਣ ’ਤੇ ਡਿਸਕਾਊਂਟ ਦੇਣ ਲਈ ਕਿਹਾ।ਇਸ ਸੱਦੇ ਨੂੰ ਸਾਰੇ ਹੋਟਲ ਮਾਲਕਾਂ ਨੇ ਬਿਨਾਂ ਸ਼ਰਤ ਖੁੱਲੇ ਦਿਲ ਨਾਲ ਸਵਿਕਾਰ ਕਰਦੇ ਕਿਹਾ ਕਿ ਉਹ ਹਰ ਨਵੇਂ ਅਤੇ ਸੀਨੀਅਰ ਸੀਟੀਜ਼ਨ ਵੋਟਰ ਨੂੰ ਵੋਟ ਪਾਉਣ ’ਤੇ ਵੱਡਾ ਡਿਸਕਾਊਂਟ ਆਫਰ ਕਰਨਗੇ।ਇਸੇ ਤਰਾਂ ਪ੍ਰਿਟਿੰਗ ਪ੍ਰੈਸ ਮਾਲਕਾਂ ਨੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਤਰਫੋਂ ਡੇਢ ਲੱਖ ਪੈਂਫਲਿਟ ਛਾਪ ਕੇ ਪ੍ਰਸ਼ਾਸਨ ਨੂੰ ਦੇਣ ਦਾ ਵਾਅਦਾ ਕੀਤਾ।
Punjab Post Daily Online Newspaper & Print Media