ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਉਹ ਅੰਮ੍ਰਿਤਸਰ ਦੇ ਰੇਲਵੇ ਸ਼ਟੇਸਨ ਦੇ ਵਿਸਥਾਰ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਉਣਗੇ।

ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦਾ ਰੇਲਵੇ ਸ਼ਟੇਸ਼ਨ ਅੰਗ੍ਰੇਜ ਰਾਜ ਵੇਲੇ ਦਾ ਬਣਿਆ ਹੋਇਆ ਹੈ। ਇਸ ਸ਼ਟੇਸਨ ਦੇ 5 ਪਲੇਟਫਾਰਮ ਵੀ ਉਸ ਸਮੇਂ ਦੇ ਹਨ। ਅੱਜ ਅੰਮ੍ਰਿਤਸਰ ਸ਼ਹਿਰ ਦੀ ਅਬਾਦੀ ਵਿਚ 10 ਗੁਣਾ ਦਾ ਵਾਧਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਲੇਟ ਫਾਰਮ ਨੰਬਰ 6 ਅਤੇ 7 ਦੀ ਉਸਾਰੀ ਦਾ ਕੰਮ ਪਿਛਲੇ ਕਰੀਬ 10 ਸਾਲ ਤੋਂ ਚਲ ਰਿਹਾ ਹੈ। ਅੰਮ੍ਰਿਤਸਰ ਆਉਣ ਵਾਲੀਆਂ ਗੱਡੀਆਂ ਬਾਹਰ ਆਉਟਰ ’ਤੇ ਕਈ ਕਈ ਘੰਟੇ ਖੜੀਆਂ ਰਹਿੰਦੀਆਂ ਹਨ। ਜਿਸ ਕਾਰਨ ਯਾਤਰੂ 2-2 ਘੰਟੇ ਰੁਲਦਾ ਰਹਿੰਦਾ ਹੈ।ਕਈ ਵਾਰ ਕੁੱਝ ਸ਼ਰਾਰਤੀ ਅਨਸਰ ਹਨੇਰੇ ਦਾ ਫਾਇਦਾ ਲੈ ਕੇ ਯਾਤਰੂਆਂ ਅਤੇ ਵਪਾਰੀਆਂ ਨਾਲ ਲੁੱਟ ਖੋਹ ਵੀ ਕਰਦੇ ਹਨ।ਅੰਮ੍ਰਿਤਸਰ ਇਕ ਸਰਹੱਦੀ ਸ਼ਹਿਰ ਹੈ ਪਾਕਿਸਤਾਨ ਵਲੋਂ ਆ ਰਹੀਆਂ ਅਤਿਵਾਦ ਦੀਆਂ ਲਗਾਤਾਰ ਧਮਕੀਆਂ ਕਾਰਨ ਵੀ ਯਾਤਰੂਆਂ ਦੀ ਜਾਨ ਮੁੱਠੀ ਵਿਚ ਆਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ ਵੱਡੀ ਗਿਣਤੀ ਵਿਚ ਲੋਕ ਅੰਮ੍ਰਿਤਸਰ ਤੋ ਬਾਹਰਲੇ ਸ਼ਹਿਰਾਂ ਵਿਚ ਵਪਾਰ ਜਾਂ ਨੌਕਰੀ ਲਈ ਜਾਂਦੇ ਹਨ। ਗੱਡੀ ਦਾ ਆਉਟਰ ’ਤੇ ਰੁਕ ਜਾਣ ਕਾਰਨ ਇਨਾਂ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਵਿਚ ਅੰਮ੍ਰਿਤਸਰ ਦੇ ਰੇਲਵੇ ਸ਼ਟੇਸ਼ਨ ਦੇ ਵਿਸਥਾਰ ਲਈ ਤੁਰੰਤ ਲੋੜੀਦੇ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦੇਣਗੇ। ਇਥੇ ਹੀ ਬਸ ਨਹੀ ਅੰਮ੍ਰਿਤਸਰ ਦੀ ਵਿਸ਼ਵ ਵਿਆਪੀ ਅਹਿਮੀਅਤ ਨੂੰ ਦੇਖਦਿਆਂ ਹੋਇਆ ਇਸ ਦੇ ਰੇਲਵੇ ਸ਼ਟੇਸਨ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਨਾਉਣ ਲਈ ਲੋੜੀਂਦੇ ਕਦਮ ਚੁਕਣ ਲਈ ਰੇਲ ਮੰਤਰੀ ਨਾਲ ਗੱਲਬਾਤ ਕਰਨਗੇ। ਫਰੇਟ ਕੋਰੀਡੋਰ ਬਾਰੇ ਗੱਲ ਕਰਦਿਆਂ ਔਜਲਾ ਨੇ ਕਿਹਾ ਕਿ ਇਸ ਨੂੰ ਲੁਧਿਆਣਾ ਤੋ ਅੰਮ੍ਰਿਤਸਰ ਤਕ ਲਿਆਉਣ ਲਈ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਖੂ ਤੋ ਰਾਜਸਥਾਨ ਨਾਲ ਰੇਲ ਲਿੰਕ ਜੋੜਣ ਲਈ ਨਵੀ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾਇਆ ਜਾਵੇਗਾ।
Punjab Post Daily Online Newspaper & Print Media