ਫਾਜ਼ਿਲਕਾ, 20 ਜਨਵਰੀ (ਵਿਨੀਤ ਅਰੋੜਾ) – ਵਿਧਾਨ ਸਭਾ ਚੋਣਾਂ-2017 ਦੇ ਮੱਦੇਨਜ਼ਰ ਆਮ ਜਨਤਾ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸਥਾਪਿਤ ਕੀਤਾ ਗਿਆ ਸ਼ਿਕਾਇਤ ਸੈਲ ਆਪਣਾ ਕੰਮ ਪੂਰੀ ਤਨਦੇਹੀ,ਇਮਾਨਦਾਰੀ ਅਤੇ ਨਿਰਪੱਖ ਤਰੀਕੇ ਨਾਲ ਕਰ ਰਿਹਾ ਹੈ। ਸ਼ਿਕਾਇਤ ਸੈਲ ਨੂੰ ਚੋਣਾਂ ਦੇ ਸਬੰਧ ਵਿਚ ਮਿਲਣ ਵਾਲੀ ਹਰ ਤਰ੍ਹਾਂ ਦੀ ਸ਼ਿਕਾਇਤ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸ਼ਿਕਾਇਤ ਸੈੱਲ ਆਪਣਾ ਕੰਮ 24 ਘੰਟੇ ਕਰ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਚੋਣਾਂ ਦੇ ਸਬੰਧ ਵਿਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰ ’ਤੇ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ। ਇਸ ਸ਼ਿਕਾਇਤ ਸੈਂਟਰ ’ਤੇ ਵੱਖ-ਵੱਖ ਸਾਧਨਾਂ ਜਰੀਏ ਬੀਤੇ ਕੱਲ੍ਹ ਤੱਕ ਵੱਖ-ਵੱਖ ਹਲਕਿਆਂ ਤੋਂ 119 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਿੰਨ੍ਹਾਂ ਵਿਚੋਂ 108 ਦਾ ਨਿਪਟਾਰਾ ਕੀਤਾ ਜਾ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਸੈੱਲ ਵਿਚ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਤੋਂ ਵੱਖ-ਵੱਖ ਹਲਕਿਆਂ ਨਾਲ ਸਬੰਧਤ 20, ਕਾਲ ਸੈਂਟਰ ’ਤੇ 54, ਆਨਲਾਈਨ ਸਮਾਧਾਨ ਤੋਂ 23 ਅਤੇ ਪੋਰਟਲ ਅਤੇ ਸਿੱਧੇ ਤੌਰ ’ਤੇ 22 ਦੇ ਕਰੀਬ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ ਵਿਚ ਵਿਧਾਨ ਸਭਾ ਹਲਕਾ ਜਲਾਲਾਬਾਦ ਨਾਲ ਸਬੰਧਤ 45, ਫਾਜ਼ਿਲਕਾ -20, ਅਬੋਹਰ- 46 ਅਤੇ ਬੱਲੂਆਣਾ ਤੋਂ 8 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਧਨ ਅਤੇ ਬਲ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਅਜਿਹੇ ਧਨ ਦੇ ਲੈਣ-ਦੇਣ ’ਤੇ ਤਿੱਖੀ ਨਜ਼ਰ ਰੱਖਣ ਲਈ ਉਡਣ-ਦਸਤੇ ਬਣਾਏ ਗਏ ਹਨ। ਇਸ ਲਈ ਸਾਰੇ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਮਤ ਅਧਿਕਾਰ ਦੇ ਬਦਲੇ ਕਿਸੇ ਵੀ ਪ੍ਰਕਾਰ ਦੇ ਧਨ ਜਾਂ ਕੋਈ ਹੋਰ ਲਾਭ ਦੇ ਲੈਣ-ਦੇਣ ਤੋਂ ਦੂਰ ਰਹਿਣ। ਜੇਕਰ ਕੋਈ ਕਿਸੇ ਨੂੰ ਮਤ ਅਧਿਕਾਰ ਦੀ ਵਰਤੋਂ ਬਦਲੇ ਕੋਈ ਧਨ/ਉਪਹਾਰ ਦਿੰਦਾ ਹੈ, ਜਾਂ ਡਰਾਉਂਦਾ ਧਮਕਾਉਦਾ ਹੈ ਤਾਂ ਇਸ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ, ਫਾਜ਼ਿਲਕਾ ਵੱਲੋਂ ਸਥਾਪਤ ਅਤੇ 24 ਘੰਟੇ ਕੰਮ ਕਰਨ ਵਾਲੇ ਸ਼ਿਕਾਇਤ ਨਿਗਰਾਣੀ ਸੈਲ ਵਿਚ ਫੋਨ ਨੰਬਰ 1800-180-2616 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
Punjab Post Daily Online Newspaper & Print Media