ਧੂਰੀ, 24 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ)- ਬੀਤੀ ਰਾਤ ਸਥਾਨਕ ਸਨਾਤਨ ਧਰਮ ਸਭਾ ਵਿਖੇ ਹੋਏ ਪ੍ਰੋਗਰਾਮ `ਆਪ` ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਸੰਜੇ ਸਿੰਘ ਨੇ ਆਪਣੇ ਜੋਸ਼ੀਲੇ ਭਾਸ਼ਨ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ `ਆਪ` ਪਾਰਟੀ ਦੀ ਬੁਨਿਆਦ ਇਮਾਨਦਾਰੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਪਾਰਟੀ ਨੂੰ ਖੂਬ ਪਿਆਰ ਮਿਲ ਰਿਹਾ ਹੈ।
ਉਹਨਾਂ `ਆਪ` ਦੀ ਸਰਕਾਰ ਆਉਣ `ਤੇ ਪੰਜਾਬ ਵਿੱਚ ਪਿਛਲ਼ੇ 20 ਸਾਲਾਂ ਤੋਂ ਚੱਲ ਰਹੇ ਕਾਲੇ ਦੌਰ ਨੂੰ ਖਤਮ ਕਰਨ ਉੱਪਰ ਜ਼ੋਰ ਦਿੱਤਾ।ਉਹਨਾਂ ਅਕਾਲੀ-ਭਾਜਪਾ ਸਰਕਾਰ ਖਿਲਾਫ ਬੋਲਦਿਆਂ ਕਿਹਾ ਕਿ ਕੇਬਲ, ਰੇਤਾ, ਬਜ਼ਰੀ, ਟਰਾਂਸਪੋਰਟ, ਸ਼ਰਾਬ ਮਾਫੀਆ ਆਦਿ ਨੂੰ ਬਾਦਲਾਂ-ਮਜੀਠੀਏ ਤੋਂ ਮੁਕਤ ਕਰਵਾਉਣਾ ਹੀ ਸਾਡਾ ਪਹਿਲਾ ਲੋਕ ਹਿੱਤ ਕਦਮ ਹੋਵੇਗਾ। ਉਹਨਾਂ ਕਿਹਾ ਕਿ ਬਾਦਲਾਂ ਦੇ ਗੁੰਡਾ ਰਾਜ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਸੂਬੇ ਨੂੰ ਬਾਦਲ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ ਬਣਾ ਕੇ ਰੱਖ ਦਿੱਤਾ ਹੈ ਜੋ ਕਿ ਸਾਡੀ ਸਰਕਾਰ ਆਉਣ `ਤੇ ਇਹਨਾਂ ਪਾਸੋਂ ਪਾਈ-ਪਾਈ ਦਾ ਹਿਸਾਬ ਲੈ ਕੇ ਲੋਕਾਂ ਨੂੰ ਇਹਨਾਂ ਕਾਲੇ ਅੰਗਰੇਜ਼ਾਂ ਤੋਂ ਮੁਕਤੀ ਦਿਵਾਈ ਜਾਵੇਗੀ । ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ `ਚ ਪੰਜਾਬ ਦੇ 30 ਹਜ਼ਾਰ ਕਿਸਾਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਖੁਦਕੁਸ਼ੀਆਂ ਕੀਤੀਆਂ ਹਨ ਅਤੇ ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ ਉਪਰ ਅੱਤਿਆਚਾਰ ਹੁੰਦੇ ਆਏ ਹਨ। ਉਹਨਾਂ ਅੱਗੇ ਕਿਹਾ ਕਿ ਪਿਛਲੇ 10 ਸਾਲਾਂ `ਚ ਪੰਜਾਬ ਵਿੱਚ 22 ਹਜ਼ਾਰ ਉਦਯੋਗ ਬੰਦ ਹੋ ਗਏ ਹਨ। ਜਿੰਨਾਂ ਨੂੰ ਮੁੜ ਚਾਲੂ ਕਰਵਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਮੁੱਹਈਆ ਕਰਵਾ ਕੇ ਵੱਧ ਰਹੀ ਬੇਰੁਜਗਾਰੀ ਨੂੰ ਨੱਥ ਪਾਈ ਜਾਵੇਗੀ ਅਤੇ ਛੋਟੇ ਕਾਰੋਬਾਰੀਆਂ ਲਈ ਇੰਸਪੈਕਟਰੀ ਰਾਜ ਖਤਮ ਕਰਕੇ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਜਾਵੇਗਾ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਸ਼ਿਕੰਜਾ ਕਸਦਿਆਂ ਕਿਹਾ ਕਿ ਮੋਦੀ ਨੇ 3 ਮਹੀਨਿਆਂ ਵਿੱਚ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਅਤੇ ਹਰੇਕ ਗਰੀਬ ਵਿਅਕਤੀ ਦੇ ਖਾਤੇ `ਚ 15-15 ਲੱਖ ਰੁਪਏ ਜਮਾਂ ਕਰਵਾਉਣ ਦੇ ਵਾਅਦੇ ਕੀਤੇ ਪ੍ਰੰਤੂ ਤਕਰੀਬਨ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਾਲਾ ਧਨ ਲਿਆਂਦਾ ਅਤੇ ਨਾ ਹੀ ਕਿਸੇ ਗਰੀਬ ਦੇ ਖਾਤੇ `ਚ ਕੁਝ ਜਮਾਂ ਕਰਵਾਇਆ ਜੋ ਕਿ ਆਮ ਜਨਤਾ ਨਾਲ ਕੀਤਾ ਖਿਲਵਾੜ ਜਿਹਾ ਜਾਪਦਾ ਹੈ। 
ਉਹਨਾਂ `ਆਪ` ਪਾਰਟੀ ਦਾ ਪੰਜਾਬ ਵਿੱਚੋਂ 100 ਸੀਟਾਂ ਜਿੱਤ ਕੇ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ। ਉਹਨਾਂ ਲੋਕਾਂ ਨੂੰ ਆਪਣੇ ਵੋਟ ਬੈਂਕ ਦਾ ਸਹੀ ਇਸਤੇਮਾਲ ਕਰਦਿਆਂ ਹਲਕਾ ਧੂਰੀ ਤੋਂ `ਆਪ` ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਵਿੱਚ `ਆਪ` ਪਾਰਟੀ ਪੰਜਾਬ ਦੇ ਵਾਈਸ ਪ੍ਰਧਾਨ ਸੰਦੀਪ ਸਿੰਗਲਾ, ਰਮੇਸ਼ ਸ਼ਰਮਾਂ, ਅਨਿਲ ਮਿੱਤਲ, ਸਰਬਜੀਤ ਸਿੰਘ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ ।ਇਸ ਮੌਕੇ ਭਾਰਤੀਯ ਜਨਤਾ ਪਾਰਟੀ ਦੇ ਜ਼ਿਲਾ੍ਹ ਵਾਈਸ ਪ੍ਰਧਾਨ ਸ਼੍ਰੀ ਯਸ਼ਪਾਲ ਗੋਇਲ ਨੇ ਆਪਣੇ ਕਈ ਸਾਥੀਆਂ ਸਮੇਤ `ਆਪ` ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਜੁਆਇੰਟ ਸੈਕਟਰੀ ਪੰਜਾਬ, ਹਰਪ੍ਰੀਤ ਸਿੰਘ ਮੀਮਸਾ, ਨਰੇਸ਼ ਕੁਮਾਰ, ਵਿਪਨ ਗਰਗ, ਅਗੱਰਵਾਲ ਸਭਾ ਧੂਰੀ ਦੇ ਪ੍ਰਧਾਨ ਦੀਪਕ ਅੱਗਰਵਾਲ, ਮਾ. ਘੁਮੰਡ ਸਿੰਘ ਸੋਹੀ, ਮਿਲਖ ਰਾਜ, ਨਾਦਰ ਅਲੀ, ਡਾ. ਅਨਵਰ ਭਸੌੜ, ਜਸਪਾਲ ਭੁੱਲਰ, ਕੁਲਦੀਪ ਸਿੰਘ, ਹਰਪ੍ਰੀਤ ਗਿੱਲ ਆਦਿ ਸਮੇਤ ਵੱਡਾ ਇੱਕਠ ਹਾਜ਼ਰ ਸਨ।
Punjab Post Daily Online Newspaper & Print Media