Wednesday, September 9, 2026

ਯੂਰਪੀ ਮੁਲਕਾਂ ਤੋਂ ਸੈਂਕੜੇ ਪ੍ਰਵਾਸੀ ਪੰਜਾਬੀਆਂ ਨੇ ਮਜੀਠਾ ‘ਚ ਕੀਤਾ ਆਪ ਦੇ ਹੱਕ ‘ਚ ਪ੍ਰਚਾਰ

PPN2401201710

ਮਜੀਠਾ, 24 ਜਨਵਰੀ (ਪੰਜਾਬ ਪੋਸਟ ਬਿਊਰੋ)- ਇੰਗਲੈਂਡ ਅਤੇ ਹੋਰ ਯੂਰਪੀਅਨ ਮੁਲਕਾਂ ਤੋਂ ਸਵੈਇਛੁੱਕ ਤੌਰ ‘ਚਲੋ ਪੰਜਾਬ” ਮੁਹਿੰਮ ਅਧੀਨ ਆਮ ਆਦਮੀ ਪਾਰਟੀ ਦੀ ਹਮਾਇਤ ‘ਚ ਪੰਜਾਬ ਆਏ ਪ੍ਰਵਾਸੀ ਪੰਜਾਬੀਆਂ ਦੀ 150 ਮੈਂਬਰੀ ਟੀਮ ਨੇ ਅੱਜ ਮਜੀਠਾ ਹਲਕੇ ਦੇ ਪ੍ਰਮੁੱਖ ਕਸਬਿਆਂ ਵਿੱਚ ਰੋਡ ਸ਼ੋਅ ਕਰਕੇ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਤਕੜਾ ਹੁਲਾਰਾ ਦਿੱਤਾ। ਯੂਰਪ ਦੇ ਵੱਖ-ਵੱਖ ਮੁਲਕਾਂ ਦੇ ਵਾਸੀ ਇਹ ਪ੍ਰਵਾਸੀ ਪੰਜਾਬੀ ਜੋਬਨ ਰੰਧਾਵਾ ਅਤੇ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਬੀਤੇ ਦਿਨ ਪੰਜਾਬ ਪੁੱਜੇ ਸਨ ਅਤੇ ਅੱਜ ਇਹ ਸਾਰੇ ਇੱਕ ਗਰੁੱਪ ਦੇ ਰੂਪ ਵਿੱਚ ਮਜੀਠਾ ਕਸਬੇ ਵਿਖੇ ਇਕੱਤਰ ਹੋਏ। ਪ੍ਰਵਾਸੀ ਪੰਜਾਬੀ ਇੰਗਲੈਂਡ ਤੋਂ ਆਮ ਆਦਮੀ ਪਾਰਟੀ ਦੇ ਹੱਕ ‘ਚ ਇੱਕ ਮਸ਼ਾਲ ਵੀ ਲੈ ਕੇ ਆਏ ਜਿਸ ਨੂੰ ਉਨ੍ਹਾਂ ਨੇ ਹਲਕੇ ਦੇ ਵੱਖ-ਵੱਖ ਕਸਬਿਆਂ ‘ਚ ਘੁਮਾਇਆ। ਪ੍ਰਵਾਸੀ ਪੰਜਾਬੀਆਂ ਨੇ ਮਜੀਠਾ, ਕੱਥੂਨੰਗਲ, ਚਵਿੰਡਾ ਦੇਵੀ ਅਤੇ ਟਾਹਲੀ ਸਾਹਿਬ ਤੋਂ ਹੁੰਦਿਆਂ ਜੈਂਤੀਪੁਰ ਤੱਕ ਲੋਕਾਂ ਨਾਲ ਘਰਾਂ ਤੇ ਦੁਕਾਨਾਂ ‘ਤੇ ਪੁੱਜ ਕੇ ਆਪ ਦੇ ਹੱਕ ‘ਚ ਪ੍ਰਚਾਰ ਕੀਤਾ ਅਤੇ ਝਾੜੂ ਦੇ ਚੋਣ ਨਿਸ਼ਾਨ ‘ਤੇ ਵੋਟਾਂ ਪਾਉਣ ਦੀ ਅਪੀਲ ਕੀਤੀ। ਜੋਬਨ ਰੰਧਾਵਾ ਨੇ ਇਸ ਮੌਕੇ ਕਿਹਾ ਕਿ ਉਹ ਸੱਤ ਸਮੁੰਦਰੋਂ ਪਾਰ ਤੋਂ ਆਪਣੇ ਕੰਮ ਧੰਦੇ ਛੱਡ ਕੇ ਪੰਜਾਬ ਵਿੱਚ ਇਮਾਨਦਾਰ ਅਤੇ ਸਾਫ਼ ਅਕਸ ਵਾਲੇ ਲੋਕਾਂ ਨੂੰ ਆਪਣੇ ਵਤਨ ਦੀ ਕਮਾਨ ਸੌਂਪਣ ਦੇ ਵਰਤਾਰੇ ‘ਚ ਬਣਦਾ ਯੋਗਦਾਨ ਪਾਉਣ ਆਏ ਹਨ। ਰਾਜੇਸ਼ ਸ਼ਰਮਾ ਨੇ ਸੂਬੇ ਵਿੱਚ ਭ੍ਰਿਸ਼ਟਤੰਤਰ, ਮਾਫ਼ੀਆ ਰਾਜ ਅਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਇਨਸਾਫ਼ ਦੀ ਕਚਹਿਰੀ ਵਿੱਚ ਖੜਾ ਕਰਨ ਲਈ ਆਏ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਿਹਤਰ ਭਵਿੱਖ ਸਿਰਜਿਆ ਜਾ ਸਕੇ।  ਇਸ ਮੌਕੇ ‘ਤੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਲੋਕ ਸਭਾ ਜ਼ਿਮਨੀ ਚੋਣ ਲਈ ਆਪ ਉਮੀਦਵਾਰ ਉਪਕਾਰ ਸਿੰਘ ਸੰਧੂ, ਸੁਖਦੀਪ ਸਿੰਘ ਸਿੱਧੂ, ਗੁਜਰਾਤ ਦੇ ਕਿਸਾਨ ਆਗੂ ਸੁਰਿੰਦਰ ਸਿੰਘ ਭੁੱਲਰ, ਪ੍ਰਿਥੀ ਸਿੰਘ, ਸਿਮਰਦੀਪ ਸਿੰਘ, ਤੇਜਪਾਲ ਸਿੰਘ, ਲਖਬੀਰ ਸਿੰਘ, ਜਗਜੀਤ ਸਿੰਘ, ਸੰਸਾਰ ਸਿੰਘ (ਸਾਰੇ ਯੂ.ਕੇ), ਬਲਜੀਤ ਸਿੰਘ ਜਰਮਨੀ, ਕੁਲਦੀਪ ਸਿੰਘ ਪੱਡਾ ਸਵੀਡਨ ਅਤੇ ਰੁਪਿੰਦਰ ਸਿੰਘ ਖ਼ਾਲਸਾ ਸੈਕਰਾਮੈਂਟੋ ਵੀ ਮੌਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply