ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਤੈਨਾਤ ਕੀਤੇ ਗਏ 6 ਜਨਰਲ ਚੋਣ ਅਬਜ਼ਰਵਰ, 2 ਪੁਲਿਸ ਚੋਣ ਅਬਜ਼ਰਵਰ ਅਤੇ 4 ਖ਼ਰਚਾ ਚੋਣ ਅਬਜ਼ਰਵਰਾਂ ਨੇ ਅੱਜ ਜ਼ਿਲ੍ਹਾ ਚੋਣ ਅਧਿਕਾਰੀ ਦੇ ਹਾਜ਼ਰੀ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਐਸ.ਐਸ.ਪੀ ਅੰਮ੍ਰਿਤਸਰ ਦੇਹਾਤੀ, ਪੈਰਾ ਮਿਲਟਰੀ ਫੋਰਸ ਦੇ ਕਮਾਂਡਰਾਂ ਜ਼ਿਲ੍ਹੇ ਦੇ ਸਮੂਹ ਰਿਟਰਨਿੰਗ ਅਫ਼ਸਰਾਂ, ਤਹਿਸੀਲਦਾਰਾਂ ਵਿਧਾਨ ਸਭਾ ਹਲਕੇ ਵਿੱਚ ਸੁਰੱਖਿਆ ਲਈ ਤੈਨਾਤ ਥਾਣੇਦਾਰ ਤੋਂ ਲੈ ਕੇ ਡੀ ਐਸ ਪੀ ਤੱਕ ਦੇ ਅਧਿਕਾਰੀਆਂ, ਫਲਾਇੰਗ ਸਕੂਆਇਡ ਟੀਮਾਂ ਦੇ ਮੁੱਖੀਆਂ, ਸਟੈਟਿਕ ਸਰਵਿਲੈਂਸ ਟੀਮਾਂ ਦੇ ਇੰਚਾਰਜਾਂ ਅਤੇ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰਾਂ ਨਾਲ ਲੰਬੀ ਮੀਟਿੰਗ ਕੀਤੀ।
ਮੀਟਿੰਗ ਵਿੱਚ ਅਬਜ਼ਰਵਰਾਂ ਨੇ ਆਦਰਸ਼ ਚੋਣ ਜਾਬਤਾ ਲਾਗੂ ਕਰਵਾਉਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ, ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਸ਼ਾ ਅਤੇ ਨਗਦੀ ਆਦਿ ਫੜਨ ਲਈ ਬਣਾਈਆਂ ਗਈਆਂ ਫਲਾਇੰਗ ਸਕੂਆਇਡ ਟੀਮਾਂ ਨੂੰ ਹਦਾਇਤਾਂ ਦਿੰਦੇ ਹੋਏ ਚੋਣ ਪ੍ਰਕਿਰਿਆ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਨੇਪਰੇ ਚਾੜ੍ਹਨ ਲਈ ਦਿਨ ਰਾਤ ਕੰਮ ਕਰਨ ਵਾਸਤੇ ਕਿਹਾ।
ਮੀਟਿੰਗ ਵਿੱਚ ਹਾਜ਼ਰ ਜਨਰਲ ਚੋਣ ਅਬਜ਼ਰਵਰਾਂ ਵਿੱਚੋਂ ਆਈ ਐਸ ਅਧਿਕਾਰੀ ਐਨ.ਬੀ.ਐਸ ਰਾਜਪੂਤ, ਡੀ.ਆਨੰਦਨ ਆਈ.ਏ.ਐਸ, ਆਲੋਕ ਅਵਸਥੀ ਆਈ.ਏ.ਐਸ, ਦਿਵੇਸ਼ ਸੇਹਰਾ ਆਈ.ਏ.ਐਸ, ਰਾਧੇ ਸ਼ਾਮ ਮਿਸ਼ਰਾ ਆਈ.ਏ.ਐਸ, ਰਾਮ ਕੇਵਲ ਆਈ.ਏ.ਐਸ, ਸਿਧਾਰਥ ਨਿਰਵਾਨਾ ਆਈ.ਪੀ.ਐਸ, ਰਾਘਵਿੰਦਰ ਸੁਹਾਸਾ ਆਈ.ਪੀ. ਐਸ, ਅਬੂ ਸਾਮਾ ਆਈ.ਆਰ.ਐਸ, ਪੀ.ਵੀ ਗੁਪਤਾ ਆਈ.ਆਰ. ਐਸ, ਅਮਿਤ ਕੁਮਾਰ ਸ਼ਰਮਾ ਆਈ ਆਰ ਐਸ ਅਤੇ ਕਮਲ ਮੰਗਲ ਆਈ ਆਰ ਐਸ ਨੇ ਚੋਣ ਮਸ਼ੀਨਰੀ ਨੂੰ ਚੁਸਤ ਦਰੁਸਤ ਕਰਨ ਲਈ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੀ ਪਹਿਲੀ ਤਰਜੀਹ ਰਾਜ ਵਿੱਚ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣਾ ਹੈ ਅਤੇ ਇਸਨੂੰ ਹਰ ਹਾਲਾਤ ਵਿੱਚ ਲਾਗੂ ਕੀਤਾ ਜਾਵੇਗਾ।
ਅੱਜ ਬੱਚਤ ਭਵਨ ਵਿੱਖੇ ਲੋਕਸਭਾ ਅਤੇ ਵਿਧਾਨ ਸਭਾ ਚੋਣਾ ਕਰਵਾਉਣ ਲਈ ਕੰਮ ਕਰ ਰਹੇ ਸਾਰੀ ਅਧਿਕਾਰੀਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਅਬਜ਼ਰਵਰਾਂ ਨੇ ਜਿੱਥੇ ਜ਼ਰੂਰੀ ਹਦਾਇਤਾਂ ਦਿੱਤੀਆਂ ਉੁਥੇ ਅਧਿਕਾਰੀਆਂ ਦੇ ਕਈ ਸ਼ੰਕੇ ਵੀ ਨਿਵਰਤ ਕੀਤੇ।ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾ ਦਾ ਭੜਕਾਊ ਭਾਸ਼ਨ, ਦੂਸਰੇ ਦੀਆਂ ਮੀਟਿੰਗਾਂ ਵਿੱਚ ਵਿੱਘਨ ਪਾਉਣ, ਬੂਥਾਂ ਨੇੜੇ ਰੌਲਾ ਪਾਉਣ ਜਾਂ ਚੋਣ ਪ੍ਰਚਾਰ ਕਰਨ, ਵੋਟਰਾਂ ਨੂੰ ਪੈਸੇ, ਨਸ਼ਾ ਆਦਿ ਦੇਣ ਅਤੇ ਬਿਨ੍ਹਾਂ ਕਿਸੇ ਦੀ ਆਗਿਆ ਦੇ ਨਿੱਜੀ ਜਾਇਦਾਦ ਉੱਤੇ ਪੋਸਟਰ ਬੈਨਰਜ਼ ਆਦਿ ਲਗਾਉਣ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਜਦੋਂ ਵੀ ਕੋਈ ਅਜਿਹੀ ਸ਼ਿਕਾਇਤ ਮਿਲਦੀ ਹੈ ਤਾਂ ਸਬੰਧਤ ਉਮੀਦਵਾਰ ਵਿਰੁੱਧ ਐਫ.ਆਈ.ਆਰ ਦਰਜ਼ ਕਰਵਾਈ ਜਾਵੇ।ਉਨ੍ਹਾਂ ਦੱਸਿਆ ਕਿ ਲੋਕਸਭਾ ਲਈ ਖ਼ਰਚਾ ਹੱਦ 70 ਲੱਖ ਰੁਪਏ ਅਤੇ ਵਿਧਾਨ ਸਭਾ ਲਈ 28 ਲੱਖ ਰੁਪਏ ਹੈ ਅਤੇ ਉਕਤ ਰਕਮ ਤੋਂ ਵੱਧ ਰਾਸ਼ੀ ਕਿਸੇ ਵੀ ਹਾਲਤ ਵਿਚ ਖ਼ਰਚ ਨਹੀਂ ਕਰਨ ਦਿੱਤੀ ਜਾਵੇਗੀ।
ਇਸ ਮੌਕੇ ਹਾਜ਼ਰ ਜਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਚੋਣ ਅਬਜ਼ਰਵਰਾਂ ਨੂੰ ਭਰੋਸਾ ਦਿੱਤਾ ਕਿ ਜਿਲ੍ਹਾ ਪ੍ਰਸ਼ਾਸ਼ਨ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਉਣੀਆਂ ਯਕੀਨੀ ਬਣਾਏਗਾ ਅਤੇ ਇਸ ਕੰਮ ਲਈ ਦਿਨ ਰਾਤ ਪੁਲਿਸ ਪ੍ਰਸ਼ਾਸ਼ਨ ਕੰਮ ਕਰ ਰਿਹਾ ਹੈ।
ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਨਾਗੇਸ਼ਵਰ ਰਾਓ, ਐਸ.ਐਸ.ਪੀ ਦੇਹਾਤੀ ਜੇ ਏਲਨਚੇਲੀਅਨ, ਕਮਿਸ਼ਨਰ ਕਾਰਪੋਰੇਸ਼ਨ ਮੈਡਮ ਸੋਨਾਲੀ ਗਿਰੀ ਅਤੇ ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਸਮੁੱਚੀ ਚੋਣ ਟੀਮ ਦੇ ਨੋਡਲ ਅਫ਼ਸਰ ਹਾਜ਼ਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media