ਨਵੀਂ ਦਿੱਲੀ, 25 ਜਨਵਰੀ (ਪੰਜਾਬ ਪੋਸਟ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਨੁੱਕੜ ਮੀਟਿੰਗਾਂ ਦੇ ਦੌਰ ਤਹਿਤ ਅੰਧਾ ਮੁਗਲ ਵਿਖੇ ਭਰਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਮੇਟੀ ਦੇ ਅਤ੍ਰਿੰਗ ਬੋਰਡ ਦੇ ਮੈਂਬਰ ਹਰਵਿੰਦਰ ਸਿੰਘ ਕੇ.ਪੀ ਵੱਲੋਂ ਕਰਵਾਈ ਗਈ ਇਸ ਮੀਟਿੰਗ ’ਚ ਬਜ਼ੁਰਗਾਂ, ਬੀਬੀਆਂ ਅਤੇ ਨੌਜਵਾਨਾਂ ਨੇ ਵੱਡੇ ਪੱਧਰ ’ਤੇ ਭਾਗ ਲਿਆ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਲਗਭਗ 40 ਮਿੰਟ ਦੀ ਆਪਣੀ ਤਕਰੀਰ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਰਿਪੋਰਟ ਕਾਰਡ ਸੰਗਤਾਂ ਦੇ ਸਾਹਮਣੇ ਰੱਖਿਆ। ਇਥੇ ਇਹ ਦੱਸਣਾ ਜਰੂਰੀ ਹੈ ਕਿ ਕੱਟੜ ਅਕਾਲੀ ਖੇਤਰ ਵੱਜੋਂ ਜਾਣੇ ਜਾਂਦੇ ਕਮਲਾ ਨਗਰ ਹੱਲਕੇ ਤੋਂ ਹਮੇਸ਼ਾਂ ਸੰਗਤਾਂ ਨੇ ਅਕਾਲੀ ਉਮੀਦਵਾਰ ਦੇ ਹੱਕ ’ਚ ਫਤਵਾ ਦਿੱਤਾ ਹੈ। ਜੀ.ਕੇ. ਨੇ ਕਮੇਟੀ ਵੱਲੋਂ ਧਰਮ ਪ੍ਰਚਾਰ, ਸਿੱਖਿਆ, ਕਾਨੂੰਨੀ ਮਸਲੇ, ਸ਼ਤਾਬਦੀਆਂ, 1984 ਦੀ ਲੜਾਈ, ਘਟਗਿਣਤੀ ਭਲਾਈ, ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ, 1984 ਦੀ ਯਾਦਗਾਰ ਸਣੇ ਕੌਮੀ ਭਲਾਈ ਦੇ ਕੀਤੇ ਗਏ ਸਮੂਹ ਕਾਰਜਾਂ ਤੇ ਪੰਛੀ ਝਾਤ ਪਾਈ।ਉਨ੍ਹਾਂ ਬਾਬਰੀ ਮਸਜਿਦ ਦੇ ਲਗਭਗ 100 ਸਾਲ ਪੁਰਾਣੇ ਵਿਵਾਦ ’ਤੇ ਅਜੇ ਤਕ ਕੋਈ ਰਾਹ ਨਾ ਨਿਕਲਣ ਦਾ ਹਵਾਲਾ ਦਿੰਦੇ ਹੋਏ ਪਿਆਊ ਦੇ ਮਸਲੇ ’ਚ 9 ਮਹੀਨੇ ਵਿਚ ਹੀ ਅਦਾਲਤੀ ਸੁਣਵਾਈ ਮੁਕੰਮਲ ਹੋਣ ਨੂੰ ਗੁਰੂ ਕਿਰਪਾ ਵੱਜੋਂ ਪਰਿਭਾਸ਼ਿਤ ਕੀਤਾ।ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ’ਚ ਜੀ.ਕੇ ਨੇ ਕਮੇਟੀ ਦੇ ਉਸਾਰੂ ਕਾਰਜ ਅੱਗੇ ਵੀ ਜਾਰੀ ਰਖਣ ਦੀ ਵਚਨਬੱਧਤਾ ਦੋਹਰਾਈ।
Punjab Post Daily Online Newspaper & Print Media