ਬਠਿੰਡਾ, 25 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਜੱਸੀ)- ਜਿਲਾ ਪ੍ਰਸ਼ਾਸਨ ਨੇ ਮਾਈਕਰੋ ਆਬਜਰਵਰਾਂ ਦੀ ਚੋਣ ਸਬੰਧੀ ਪ੍ਰਕ੍ਰਿਆ ਮੁਕੰਮਲ ਕਰ ਲਈ ਹੈ ਜਿਨ੍ਹਾਂ ਨੂੰ ਜਿਲੇ ਦੇ ਸਾਰੇ 6 ਵਿਧਾਨ ਸਭਾ ਹਲਕਿਆਂ ਦੀ ਪੋਲਿੰਗ ਵਾਲੀਆਂ 552 ਥਾਂਵਾਂ ਉੱਤੇ ਤੈਨਾਤ ਕੀਤਾ ਜਾਵੇਗਾ।

ਜਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਇੱਥੇ ਦਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਈਕਰੋ ਆਬਜਰਵਰਾਂ ਨੂੰ ਪਲਿੰਗ ਵਾਲੀਆਂ ਥਾਵਾਂ ਉੱਤੇ ਤੈਨਾਤ ਕੀਤਾ ਜਾਵੇਗਾ ਜੋ ਪੋਲਿੰਗ ਵਾਲੇ ਦਿਨ ਜਨਰਲ ਚੋਣ ਆਬਜਰਵਰਾਂ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦਸਿਆ ਕਿ ਮਾਈਕਰੋ ਆਬਜਰਵਰਾਂ ਨੂੰ ਚੋਣ ਪ੍ਰਕਿਰਿਆ ਲਈ ਪੂਰੀ ਤਰ੍ਹਾਂ ਸਿਖਿਅਤ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਮਾਈਕਰੋ ਆਬਜਰਵਰ ਪੋਲਿੰਗ ਪ੍ਰਕ੍ਰਿਆ ਦੌਰਾਨ ਪੋਲਿੰਗ ਏਜੰਟਾਂ, ਚੋਣ ਏਜੰਟਾਂ ਅਤੇ ਵੋਟਰਾਂ ਦੀ ਸ਼ਿਕਾਇਤਾਂ ਨੂੰ ਵੀ ਮੁਖਾਤਬ ਹੋਣਗੇ ਅਤੇ ਚੋਣ ਪ੍ਰਕ੍ਰਿਆ ਦੇ ਹੋਰਨਾ ਕਾਰਜਾਂ ਤੋਂ ਇਲਾਵਾ ਇਹ ਭਾਰਤ ਦੇ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਵੋਟਿੰਗ ਮਸ਼ੀਨਾਂ ਦੀਆਂ ਸੀਲਾਂ ਵੀ ਚੈਕ ਕਰਨਗੇ। ਚੋਣ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਮਾਈਕਰੋ ਆਬਜਰਵਰ ਜਨਰਲ ਆਬਜਰਵਰਾਂ ਨੂੰ ਮਸ਼ੀਨਾਂ ਰੱਖਣ ਵਾਲੇ ਸੈਂਟਰਾਂ ਉੱਤੇ ਰਿਪੋਰਟ ਕਰਨਗੇ ਅਤੇ ਆਪਣੀ ਨਿਰਿਖਣ ਰਿਪੋਰਟ ਉਨ੍ਹਾਂ ਦੇ ਹਵਾਲੇ ਕਰਨਗੇ।
ਹਰੇਕ ਵਿਧਾਨਸਭਾ ਹਲਕੇ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਰਾਮਪੁਰਾ ਫੁਲ ਲਈ 142 ਮਾਈਕਰੋ ਆਬਜਰਵਰ ਅਲਾਟ ਕੀਤੇ ਗਏ ਹਨ ਜਿਨ੍ਹਾਂ ਵਿਚ 41 ਦਾ ਰਾਖਵਾਂ ਸਟਾਫ ਵੀ ਹੈ। ਇਥੇ 12 ਪੋਲਿੰਗ ਬੂਥਾਂ ’ਤੇ ਵੈਬ ਕਾਸਟਿੰਗ ਹੋਵੇਗੀ। ਭੁਚੋਂ ਮੰਡੀ ਲਈ 147 ਮਾਈਕਰੋ ਆਬਜਰਵਰ ਰੱਖੇ ਗਏ ਹਨ ਜਿਨ੍ਹਾਂ ਵਿਚ 42 ਰਾਖਵਾਂ ਸਟਾਫ ਵੀ ਹੈ ਅਤੇ ਇਥੇ 17 ਪੋਲਿੰਗ ਬੂਥਾਂ ’ਤੇ ਵੈਬ ਕਾਸਟਿੰਗ ਹੋਵੇਗੀ। ਬਠਿੰਡਾ ਸ਼ਹਿਰੀ ਲਈ 108 ਮਾਈਕਰੋ ਆਬਜਰਵਰਾਂ ਦਾ ਸਟਾਫ ਹੈ ਜਿਨ੍ਹਾਂ ਵਿਚ 31 ਮੈਂਬਰਾਂ ਦਾ ਰਾਖਵਾਂ ਸਟਾਫ ਵੀ ਸ਼ਾਮਲ ਹੈ। ਇਥੇ 42 ਪੋਲਿੰਗ ਬੂਥਾਂ ਉੱਤੇ ਵੈਬ ਕਾਸਟਿੰਗ ਹੋਵੇਗੀ। ਬਠਿੰਡਾ ਦੇਹਾਤੀ ਲਈ 129 ਮਾਈਕਰੋ ਆਬਜਰਵਰ ਹਨ ਜਿਨ੍ਹਾਂ ਵਿਚ 37 ਦਾ ਰਾਖਵਾ ਸਟਾਫ ਵੀ ਹੈ ਅਤੇ ਇਥੇ 19 ਪੋਲਿੰਗ ਬੂਥਾਂ ’ਤੇ ਵੈਬ ਕਾਸਟਿੰਗ ਹੋਵੇਗੀ। ਮੋੜ ਵਿਖੇ 131 ਮਾਈਕਰੋ ਆਬਜਰਵਰ ਲਾਏ ਜਾਣਗੇ ਜਿਨ੍ਹਾਂ ਵਿਚ 38 ਮੈਂਬਰਾਂ ਦਾ ਰਾਖਵਾਂ ਸਟਾਫ ਹੋਵੇਗਾ ਅਤੇ ਇਥੇ 19 ਪੋਲਿੰਗ ਬੂਥਾਂ ’ਤੇ ਵੈਬ ਕਾਸਟਿੰਗ ਹੋਵੇਗੀ। ਉਨ੍ਹਾਂ ਦਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਰਫ ਕੇਂਦਰ ਸਰਕਾਰ ਦੇ ਮੁਲਾਜਮਾਂ ਜਾਂ ਕੇਂਦਰੀ ਜੱਨਤਕ ਸੈਕਟਰ ਦੇ ਮੁਲਾਜਮਾਂ ਨੂੰ ਹੀ ਮਾਈਕਰੋ ਆਬਜਰਵਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਨੇ ਇਹ ਵੀ ਦਸਿਆ ਕਿ ਬੂਥਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਹੋ-ਹੱਲੇ ਨੂੰ ਰੋਕਣ ਲਈ 116 ਪੋਲਿੰਗ ਬੂਥਾਂ ਦੀ ਲਾਈਵ ਵਿਡਿਓ ਹੋਵੇਗੀ ਜਿਨ੍ਹਾਂ ਉੱਤੇ ਸਿੱਧੇ ਤੌਰ ’ਤੇ ਚੋਣ ਕਮਿਸ਼ਨ ਵਲੋਂ ਵੈਬ ਕਾਸਟਿੰਗ ਰਾਹੀਂ ਨਿਗਰਾਨੀ ਰੱਖੀ ਜਾਵੇਗੀ। ਮੁੱਖ ਚੋਣ ਅਧਿਕਾਰੀ ਵਲੋਂ ਇਕ ਵਿਸ਼ੇਸ਼ ਵੈਬ ਪੇਜ਼ ਤਿਆਰ ਕੀਤਾ ਗਿਆ ਹੈ ਤਾਂ ਜੋ ਲੋਕ ਵੈਬ ਕਾਸਟਿੰਗ ਤੱਕ ਪਹੁੰਚ ਕਰ ਸਕਣ। ਉਨ੍ਹਾਂ ਨੇ ਇਹ ਵੀ ਦਸਿਆ ਕਿ ਜਿਲ੍ਹੇ ਦੇ 77 ਪੋਲਿੰਗ ਬੂਥਾਂ ਉੱਤੇ ਵੀਡਿਓ ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ ਜਿਨ੍ਹਾਂ ਰਾਹੀਂ ਚੋਣ ਪ੍ਰਕਿਰਿਆ ’ਤੇ ਨਿਗਰਾਨੀ ਰੱਖੀ ਜਾਵੇਗੀ। ਇਸ ਮੌਕੇ ਹਾਜਰ ਹੋਰਨਾਂ ਵਿਚ ਏ ਡੀ ਈ ਓ ਬਠਿੰਡਾ ਸ਼ੀਨਾ ਅਗਰਵਾਲ, ਅਸਿਸਟੈਂਟ ਕਮਿਸ਼ਨਰ ਅੰਡਰਟੇਕਿੰਗ-ਕਮ-ਚੋਣ ਤਹਿਸੀਲਦਾਰ ਅਭਿਜੀਤ ਕਪਲਿਸ਼ ਵੀ ਸ਼ਾਮਲ ਸਨ।
Punjab Post Daily Online Newspaper & Print Media