ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)-ਸੱਤਵਾਂ ਰਾਸ਼ਟਰੀ ਵੋਟਰ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬੀ ਬੀ ਕੇ ਡੀ ਏ ਵੀ ਕਾਲਜ ਵਿਚ ਨੌਜਵਾਨ ਵੋਟਰਾਂ ਦੀ ਹਾਜ਼ਰੀ ਵਿਚ ਬੜੇ ਜੋਸ਼ ਅਤੇ ਉਮੰਗ ਨਾਲ ਮਨਾਇਆ ਗਿਆ।

ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਗ ਨੇ ਨੌਜਵਾਨ ਵੋਟਰ, ਜਿੰਨਾਂ ਨੇ ਪਹਿਲੀ ਵਾਰ ਬਤੌਰ ਵੋਟਰ ਆਪਣਾ ਨਾਂਅ ਰਜਿਸਟਰਡ ਕੀਤਾ ਸੀ, ਨੂੰ ਵੋਟਰ ਸ਼ਨਾਖਤੀ ਕਾਰਡ ਸਟੇਜ ਤੋਂ ਦਿੱਤੇ। ਉਨਾਂ ਨੇ ਆਪਣੇ ਸੰਬੋਧਨ ਵਿਚ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਦੀ ਤਾਕਤ ਨੂੰ ਸਮਝਣ ਅਤੇ ਇਸ ਮੌਕੇ ਨੂੰ ਸੰਭਾਲਦੇ ਹੋਏ ਦੇਸ਼ ਦੀ ਲੋਕਤਾਂਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਪੜ੍ਹੇ ਲਿਖੇ ਲੋਕਾਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਵੋਟ ਦੀ ਸਹੀ ਵਰਤੋਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ, ਕਿਉਂਕਿ ਇਹ ਦੇਸ਼ ਦੇ ਹਿਤ ਦਾ ਸਵਾਲ ਹੈ। ਉਨਾਂ ਹਾਜ਼ਰ ਨੌਜਵਾਨ ਵੋਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਦੇਸ਼ ਦੀ ਲੋਕਤੰਤਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬਿਨਾਂ ਕਿਸੇ ਲਾਲਚ, ਡਰ ਜਾਂ ਕੋਈ ਹੋਰ ਵਖਰੇਵੇਂ ਨੂੰ ਮਨ ਵਿਚੋਂ ਕੱਢਦੇ ਹੋਏ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਅਤੇ ਇਹ ਸੁਨੇਹਾ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਤੱਕ ਪੁੱਜਦਾ ਕਰਦੇ ਹੋਏ ਉਨਾਂ ਨੂੰ ਵੀ ਵੋਟ ਪਾਉਣ ਲਈ ਵੋਟ ਬੂਥਾਂ ਵੱਲ ਤੋਰਨ।
ਵੋਟਰ ਜਾਗਰੂਕਤਾ ਫੈਲਾਉਣ ਅਤੇ 18 ਤੋਂ 19 ਸਾਲ ਦੇ ਵੋਟਰਾਂ ਨੂੰ ਰਜਿਸਟਰੇਸ਼ਨ ਕਰਨ ਵਿੱਚ ਮੋਹਰੀ ਰਹਿਣ ਕਾਰਨ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਰਿਟਰਨਿੰਗ ਅਧਿਕਾਰੀ ਸ: ਤੇਜਪ੍ਰੀਤ ਸਿੰਘ ਸੈਣੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਚੋਣ ਅਧਿਕਾਰੀ ਨੇ ਇਸ ਮੌਕੇ ਸਕੂਲਾਂ ਵਿਚ ਵੋਟਰ ਨੂੰ ਜਾਗਰੂਕ ਕਰਨ ਲਈ ਕਰਵਾਏ ਗਏ ਭਾਸ਼ਣ, ਸਲੋਗਨ ਲਿਖਣ, ਪੇਂਟਿੰਗ ਅਤੇ ਲੇਖ ਲਿਖਣ ਦੇ ਮੁਕਾਬਲੇ ਵਿਚੋਂ ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਬੱਚਿਆਂ ਨੂੰ ਇਨਾਮ ਵੀ ਵੰਡੇ। ਉਨਾਂ ਇਸ ਮੌਕੇ ਸਕੂਲਾਂ ਤੇ ਕਾਲਜਾਂ ਵਿਚ ਵੋਟਰ ਰਜਿਸਟਰੇਸ਼ਨ ਕਰਵਾਉਣ ਲਈ ਲਗਾਏ ਗਏ ਨੋਡਲ ਅਫਸਰਾਂ ਵਿਚੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਨੋਡਲ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ। ਬੱਚਿਆਂ ਵੱਲੋਂ ਇਸ ਮੌਕੇ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤੇ ਨਾਟਕ, ਗੀਤ, ਸਕਿੱਟ ਪੇਸ਼ ਕੀਤੇ ਗਏ। ਚੋਣ ਦਫਤਰ ਨੇ ਇਸ ਮੌਕੇ ਭਾਰਤ ਦੇ ਚੋਣ ਇਤਹਾਸ ਨੂੰ ਪੇਸ਼ ਕਰਦੀ ਵਿਲੱਖਣ ਦਸਤਾਵੇਜੀ ਫਿਲਮ ਦਾ ਪ੍ਰਦਰਸ਼ਨ ਕੀਤਾ, ਜਿਸ ਵਿਚ ਵੋਟ ਦੀ ਤਾਕਤ ਪ੍ਰਾਪਤ ਕਰਨ ਦੇ ਸੰਘਰਸ਼ ਤੋਂ ਲੈ ਕੇ ਹੁਣ ਤੱਕ ਚੋਣ ਪ੍ਰਕਿਆ ਵਿਚ ਹੋਏ ਸੁਧਾਰਾਂ ਦਾ ਬਾਖੂਬੀ ਜ਼ਿਕਰ ਕੀਤਾ ਗਿਆ ਸੀ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਮੈਡਮ ਸੋਨਾਲੀ ਗਿਰੀ, ਐਸ ਡੀ ਐਮ ਬਾਬਾ ਬਕਾਲਾ ਤੇਜਦੀਪ ਸਿੰਘ ਸੈਣੀ, ਡੀ ਈ ਓ ਸਕੈਡੰਰੀ ਅਰਮਦੀਪ ਸਿੰਘ, ਡੀ ਈ ਓ ਐਲੀਮੈਂਟਰੀ ਸਲਵਿੰਦਰ ਸਿੰਘ, ਤਹਿਸੀਲਦਾਰ ਚੌਣਾਂ ਸ੍ਰੀ ਰਾਕੇਸ਼ ਥਾਪਰ ਆਦਿ ਮੌਜੂਦ ਸਨ।
Punjab Post Daily Online Newspaper & Print Media