Thursday, February 26, 2026

ਧੂਮ-ਧਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ – ਭਗਤ ਚੁੰਨੀ ਲਾਲ ਨੇ ਲਹਿਰਾਇਆ ਤਿਰੰਗਾ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- 68ਵਾਂ ਗਣਤੰਤਰ ਦਿਵਸ ਅੰਮ੍ਰਿਤਸਰ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ  ਭਗਤ ਚੁੰਨੀ ਲਾਲ  ਨੇ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਗ ਅਤੇ ਪੁਲਿਸ ਕਮਿਸ਼ਨਰ ਸ੍ਰੀ ਨਗੇਸ਼ਵਰ ਰਾਓ ਉਨ੍ਹਾਂ ਦੇ ਨਾਲ ਸਨ। ਪਰੇਡ ਕਮਾਂਡਰ ਸ੍ਰੀ ਗੌਰਵ ਤੂਰਾ  ਦੀ ਅਗਵਾਈ ਵਿਚ ਪੁਲਿਸ, ਹੋਮਗਾਰਡਜ਼, ਐਨ.ਸੀ.ਸੀ ਕੈਡਿਟਾਂ, ਐਨ. ਐਐਸ ਸਕਾਊਟਸ ਅਤੇ ਗਰਲਜ਼ ਗਾਈਡਜ਼ ਦੀਆਂ ਟੁਕੜੀਆਂ ਨੇ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ ਜਦ ਕਿ ਪੰਜਾਬ ਪੁਲਿਸ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਬੈਂਡ ਦੀਆਂ ਧੁਨਾਂ ਵਜਾ ਕੇ ਸਮਾਗਮ ਨੂੰ ਸੰਗੀਤਕ ਰੰਗਤ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਲੋਂ ਵਿਕਾਸ ਨੂੰ ਦਰਸਾਉਂਦੀਆਂ ਸਾਨਦਾਰ ਝਾਕੀਆਂ ਨੇ ਦਿਲਕਸ਼ ਨਜ਼ਾਰਾ ਪੇਸ਼ ਕੀਤਾ।

PPN2601201709
ਭਗਤ ਚੁੰਨੀ ਲਾਲ  ਨੇ ਇਸ ਮੌਕੇ ਆਪਣੇ ਸੰਬੋਧਨ ’ਚ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅਗਾਵਈ ਵਿੱਚ ਆਜ਼ਾਦੀ ਦੀ ਲੜਾਈ ਲੜੀ ਅਤੇ ਅਥਾਹ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ। ਇਨ੍ਹਾਂ ਕੁਰਬਾਨੀਆਂ ਸਦਕਾ 15 ਅਗਸਤ, 1947 ਨੂੰ ਦੇਸ਼ ਆਜ਼ਾਦ ਹੋਇਆ। ਦੇਸ਼ ਦੇ ਨੇਤਾਵਾਂ ਅਤੇ ਚਿੰਤਕਾਂ ਨੇ ਦੇਸ਼ ਨੂੰ ਸੰਸਾਰ ਦਾ ਵੱਡਾ ਲੋਕਤੰਤਰ ਗਣਰਾਜ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿਸ ਤਹਿਤ 26 ਜਨਵਰੀ, 1950 ਨੂੰ ਦੇਸ਼ ਵਿੱਚ ਸਵਿਧਾਨ ਲਾਗੂ ਹੋਣ ਨਾਲ ਦੇਸ਼ ਲੋਕਤੰਤਰੀ ਗਣਰਾਜ ਬਣ ਗਿਆ। ਉਨ੍ਹਾਂ ਕਿਹਾ ਕਿ ਸੰਵਿਧਾਨ ਤਹਿਤ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ।ਸਾਡੇ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ, ਫਿਰਕੇ ਬਰਾਦਰੀ, ਬੋਲੀ ਜਾਂ ਇਲਾਕੇ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਰਾਸ਼ਟਰ ਨਿਰਮਾਣ ਵਾਸਤੇ ਨਾਗਰਿਕਾਂ ਦੇ ਫਰਜ ਵੀ ਅੰਕਿਤ ਕੀਤੇ ਗਏ ਹਨ। ਭਾਰਤ ਰਤਨ ਡਾ: ਅੰਬੇਦਕਰ ਡਾ: ਰਜਿੰਦਰ ਪ੍ਰਸ਼ਾਦ ਅਤੇ ਦੂਸਰੇ ਸਮਾਜ ਸਾਸ਼ਤਰੀਆਂ ਅਤੇ ਚਿੰਤਕਾਂ ਨੇ ਦੇਸ਼ ਵਿੱਚ ਲੋਕਤੰਤਰ ਅਤੇ ਵਿਕਾਸ ਨੂੰ ਮੁੱਖ ਰੱਖਦਿਆਂ ਸੰਵਿਧਾਨ ਦੀ ਰਚਨਾ ਕੀਤੀ ਗਈ ਹੈ।

PPN2601201710
ਸ੍ਰੀ ਭਗਤ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਸੰਵਿਧਾਨ ਨੇ ਸਾਨੂੰ ਬਰਾਬਰੀ ਅਤੇ ਨਿਆਂ ਦਾ ਅਧਿਕਾਰ ਦਿੱਤਾ ਹੈ ਜਿਸ ਨਾਲ ਇਕ ਵਧੀਆ ਭਾਰਤ ਦੇ ਨਿਰਮਾਣ ਦੀ ਬੁਨਿਆਦ ਰੱਖੀ ਗਈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਸਭ ਤੋਂ ਵੱਧ ਨੌਜਵਾਨ ਭਾਰਤ ਵਿਚ ਹਨ, ਇਸ ਲਈ ਭਾਰਤ ਦੇ ਵਿਕਾਸ ਦੀ ਜ਼ਿੰਮੇਵਾਰੀ ਨੌਜਵਾਨ ਸ਼ਕਤੀ ਦੇ ਮੋਢਿਆਂ ’ਤੇ ਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਕ ਵਧੀਆ ਭਾਰਤ ਦੇ ਨਿਰਮਾਣ ਵਿਚ ਵੱਧ-ਚੜ੍ਹ ਕੇ ਯੋਗਦਾਨ ਦੇਣ। ਇਸ ਮਹਾਨ ਦਿਨ ’ਤੇ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਤੇ ਸ਼ਾਂਤੀ ਬਣਾਈ ਰੱਖਣ  ਅਤੇ ਦੇਸ਼ ਦੀ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਉਣ  ਦਾ ਸੱਦਾ ਦਿੰਦਿਆਂ ਉਨ੍ਹਾ ਕਿਹਾ ਨੌਜਵਾਨ ਪੀੜੀ  ਦੇਸ਼ ਦੀ ਸੁਚੱਜੀ ਅਗਵਾਈ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ।

PPN2601201711
ਇਸ ਮੌਕੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਸ਼ਖਸੀਅਤਾਂ, ਪੜ੍ਹਾਈ ਅਤੇ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਵੀ ਤਕਸੀਮ ਕੀਤੀਆਂ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply