ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਨਾਲ ਤਾਇਨਾਤ ਸੁਰੱਖਿਆ ਗਾਰਡ ਦੀ ਹੋਈ ਰਹੱਸਮਈ ਮੌਤ ’ਤੇ ਦੁਖ ਦਾ ਇਜ਼ਹਾਰ ਕਰਦਿਆਂ ਉਸ ਸਬੰਧੀ ਸਰਕਾਰ ਨੂੰ ਨਿਰਪੱਖ ਜਾਂਚ ਕਰਵਾਉਣ ਸਬੰਧੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਔਜਲਾ ਵੱਲੋਂ ਘਟਨਾ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ’ਤੇ ਖੁਦਕਸ਼ੀ ਕਰਾਰ ਦਿੱਤਾ ਜਾ ਰਿਹਾ ਹੈ, ਜਦ ਕਿ ਇਸ ਸਬੰਧੀ ਕਈ ਅਜਿਹੇ ਸਵਾਲ ਪੈਦਾ ਹੁੰਦੇ ਹਨ, ਜੋ ਕਿ ਸਿੱਧੇ ਤੌਰ ’ਤੇ ਕਤਲ ਵੱਲ ਇਸ਼ਾਰਾ ਕਰ ਰਹੇ ਹਨ।

ਬੀਤੇ ਦਿਨੀਂ ਤੜਕਸਾਰ ਔਜਲਾ ਦੇ ਸੁਰੱਖਿਆ ਗਾਰਡ ਨਰਿੰਦਰ ਸਿੰਘ ਖੂਨ ਨਾਲ ਲੱਥਪੱਥ ਮ੍ਰਿਤਕ ਦੇਹ ਔਜਲਾ ਦੇ ਅਜਨਾਲਾ ਰੋਡ ਸਥਿਤ ਘਰ ਦੇ ਮੂਹਰੇ ਮਿਲੀ, ਜਿਸਨੂੰ ਪੁਲਿਸ ਵੱਲੋਂ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ, ਬਾਰੇ ਛੀਨਾ ਨੇ ਕਿਹਾ ਕਿ ਗੰਨਮੈਨ ਨੂੰ ਇਨਸਾਫ਼ ਦਿਵਾਉਣ ਲਈ ਉਹ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਪੱਧਰੀ ਪੜਤਾਲ ਸ਼ੁਰੂ ਕੀਤੀ ਜਾਵੇ ਤਾਂ ਜੋ ਇਸ ਪਿੱਛਲੇ ਜਿਸ ਵੀ ਕਥਿਤ ਦੋਸ਼ੀ ਦਾ ਹੱਥ ਹੈ, ਉਸ ਸਜ਼ਾ ਮਿਲ ਸਕੇ। ਇਸ ਮੌਕੇ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਜ਼ਿਲ੍ਹਾ ਮੁੱਖੀ ਸ੍ਰੀ ਨਰੇਸ਼ ਸ਼ਰਮਾ ਨੇ ਵੀ ਉਕਤ ਵਾਪਰੀ ਘਟਨਾ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਸ ਮੁੱਦੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਛੀਨਾ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਦਾ ਇਸ ਮੁੱਦੇ ’ਤੇ ਟਾਲਾ ਵੱਟਣਾ, ਵੀ ਇਸ ਗੱਲ ਦਾ ਸੰਕੇਤ ਹੈ ਕਿ ਘਟਨਾ ਸਬੰਧੀ ਕੋਈ ਨਾ ਕੋਈ ਪਹਿਲੂ ਛੁਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਹਮੇਸ਼ਾਂ ਡਰਾ-ਧਮਕਾ ਕੇ ਵੋਟਰਾਂ ਦੇ ਮਨਾਂ ’ਚ ਖੌਫ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੋਕ ਬਹੁਤ ਸਿਆਣੇ ਹਨ ਅਤੇ ਹਰੇਕ ਸਥਿਤੀ ਨੂੰ ਭਲੀਭਾਂਤ ਜਾਣਦੇ ਹਨ।
Punjab Post Daily Online Newspaper & Print Media