ਤਰਨਤਾਰਨ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਇੰਜੀਨੀਅਰ ਡੀ.ਪੀ ਐਸ ਖਰਬੰਦਾ ਵੱਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਵੱਲੋਂ ਹਲਕਾ ਖੇਮਕਰਨ ਵਿਚ ਪੈਂਦੇ ਸ਼ਰਾਬ ਦੇ ਵੱਖ-ਵੱਖ ਠੇਕਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਸਹਾਇਕ ਕਮਿਸ਼ਨਰ (ਜ) ਰਮਨ ਕੋਛੜ, ਡੀ. ਐਸ. ਪੀ ਮਤੀ ਅਮਨਦੀਪ ਕੌਰ, ਈ. ਟੀ. ਓ ਰਮਿੰਦਰਜੀਤ ਸਿੰਘ ਅਤੇ ਮਨਵੀਰ ਬੁੱਟਰ ਦੀ ਅਗਵਾਈ ਵਾਲੀ ਟੀਮ ਨੰ: 3 ਨੇ ਇਸ ਛਾਪੇਮਾਰੀ ਦੌਰਾਨ ਵੱਖ ਵੱਖ ਕੰਪਨੀਆਂ ਦੀਆਂ 79 ਵੱਡੀਆਂ ਅਤੇ 128 ਛੋਟੀਆਂ ਬੋਤਲਾਂ ਬਰਾਮਦ ਕੀਤੀਆਂ। ਇਸ ਟੀਮ ਵੱਲੋਂ ਪਹਿਲਾਂ ਕੇ. ਐਸ. ਪੱਟੀ ਗਰੁੱਪ ਪਿੰਡ ਕੱਚਾ ਪੱਕਾ ਵਿਖੇ ਦੇਸੀ ਸ਼ਰਾਬ ਦੇ ਠੇਕੇ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਥੋਂ ਅੰਗਰੇਜ਼ੀ ਸ਼ਰਾਬ ਦੀਆਂ 19 ਵੱਡੀਆਂ ਅਤੇ 2 ਛੋਟੀਆਂ ਬੋਤਲਾਂ ਦੀ ਬਰਾਮਦਗੀ ਕੀਤੀ ਗਈ। ਇਸ ਤੋਂ ਬਾਅਦ ਇਸ ਟੀਮ ਨੇ ਅੰਮ੍ਰਿਤਸਰ ਰੋਡ ਭਿੱਖੀਵਿੰਡ ਵਿਖੇ ਸਥਿਤ ਠੇਕੇ ਦੀ ਚੈਕਿੰਗ ਕਰਕੇ ਉਥੋਂ ਵੱਖ ਵੱਖ ਕੰਪਨੀ ਦੀਆਂ 60 ਵੱਡੀਆਂ ਅਤੇ 126 ਛੋਟੀਆਂ ਬੋਤਲਾਂ ਬਰਾਮਦ ਕੀਤੀਆਂ, ਜਿਨ੍ਹਾਂ ਦਾ ਸਟਾਕ ਰਜਿਸਟਰ ਵਿਚ ਕੋਈ ਇੰਦਰਾਜ ਨਹੀਂ ਸੀ। ਉਪਰੋਕਤ ਦੋਵਾਂ ਠੇਕਿਆਂ ਦੇ ਸਟਾਕ ਰਜਿਸਟਰ ਅਤੇ ਇੰਸਪੈਕਸ਼ਨ ਬੁੱਕਸ ਵੀ ਜ਼ਬਤ ਕਰ ਲਈਆਂ ਗਈਆਂ ਹਨ। ਜ਼ਬਤ ਕੀਤੀਆਂ ਸ਼ਰਾਬ ਦੀਆਂ ਬੋਤਲਾਂ, ਸਟਾਕ ਰਜਿਸਟਰ ਅਤੇ ਇੰਸਪੈਕਸ਼ਨ ਬੁੱਕਸ ਈ. ਟੀ. ਓ ਆਬਕਾਰੀ ਤਰਨ ਤਾਰਨ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਇੰਜੀਨੀਅਰ ਡੀ. ਪੀ. ਐਸ ਖਰਬੰਦਾ ਨੇ ਇਸ ਦੌਰਾਨ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਕਿਸੇ ਵੀ ਤਰ੍ਹਾਂ ਵਰਤੋਂ ਨੂੰ ਰੋਕਣ ਲਈ ਇਹ ਅਚਨਚੇਤ ਜਾਂਚ ਸ਼ੁਰੂ ਕੀਤੀ ਗਈ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media