ਅੰਮ੍ਰਿਤਸਰ, 28 ਜਨਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲ 2017-2018 ਦੇ ਬਜਟ ਸਬੰਧੀ ਅਹਿਮ ਮੀਟਿੰਗ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਿਚ ਹੋਈ।

ਇਸ ਮੀਟਿੰਗ ਵਿਚ ਮੁੱਖ ਸਕੱਤਰ ਹਰਚਰਨ ਸਿੰਘ, ਡਾ. ਰੂਪ ਸਿੰਘ ਤੇ ਅਵਤਾਰ ਸਿੰਘ ਸਕੱਤਰ, ਹਰਭਜਨ ਸਿੰਘ ਮਨਾਵਾਂ, ਰਣਜੀਤ ਸਿੰਘ, ਸੁਖਦੇਵ ਸਿੰਘ ਭੂਰਾ ਕੋਹਨਾ, ਪ੍ਰਤਾਪ ਸਿੰਘ, ਦਿਲਜੀਤ ਸਿੰਘ ਬੇਦੀ ਤੇ ਬਿਜੈ ਸਿੰਘ ਐਡੀ: ਸਕੱਤਰ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ, ਸਕੱਤਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਹਰਜਿੰਦਰ ਸਿੰਘ ਤੇ ਹਰਿੰਦਰਪਾਲ ਸਿੰਘ ਮੀਤ ਸਕੱਤਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ, ਸਕੂਲਾਂ, ਕਾਲਜਾਂ, ਪ੍ਰੈਸਾਂ, ਇਮਾਰਤਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਾਰਜਾਂ ਤੇ ਹੋਣ ਵਾਲੇ ਖਰਚਿਆਂ ਦੀ ਵਿਸਥਾਰ ਪੂਰਵਰਕ ਜਾਣਕਾਰੀ ਲਈ। ਇਸ ਦੌਰਾਨ ਉਨ੍ਹਾਂ ਨੇ ਸਾਰੇ ਐਡੀਸ਼ਨਲ ਤੇ ਮੀਤ ਸਕੱਤਰਾਂ ਪਾਸੋਂ ਉਨ੍ਹਾਂ ਦੇ ਵਿਭਾਗਾਂ ਵਿਚ ਹੋ ਰਹੇ ਕੰਮਾਂ ਸਬੰਧੀ ਰਿਪੋਰਟ ਦੀ ਜਾਣਕਾਰੀ ਲਈ ਅਤੇ ਪ੍ਰਬੰਧ ’ਚ ਹੋਰ ਨਿਖਾਰ ਲਿਆਉਣ ਲਈ ਜ਼ਰੂਰੀ ਹਿਦਾਇਤਾਂ ਵੀ ਦਿੱਤੀਆਂ। ਉਨ੍ਹਾਂ ਸਬੰਧਤ ਮਹਿਕਮਿਆਂ ਦੇ ਐਡੀਸ਼ਨਲ ਅਤੇ ਮੀਤ ਸਕੱਤਰਾਂ ਨੂੰ ਕਿਹਾ ਕਿ ਆਪੋ-ਆਪਣੇ ਵਿਭਾਗਾਂ ਦੇ ਕੰਮਕਾਜ ਵਿਚ ਪੂਰੀ ਤਰ੍ਹਾਂ ਪਾਰਦਰਸ਼ਤਾ ਲਿਆਂਦੀ ਜਾਵੇ। ਕਿਸੇ ਵੀ ਵਿਭਾਗ ਵਿਚ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Punjab Post Daily Online Newspaper & Print Media