ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਬਚਾਉਣ ਲਈ ਕਾਂਗਰਸ ਦਾ ਸਾਥ ਦੇਣ।
ਅੱਜ ਵੋਟਰਾਂ ਨੂੰ ਅਪੀਲ ਕਰਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ, ਕਿਸਾਨੀ, ਕਾਰੋਬਾਰ ਪੰਜਾਬ ਦੀਆਂ ਆਉਣ ਵਾਲੀਆਂ ਅਗਲੀਆਂ ਪੀੜੀਆਂ ਨੂੰ ਬਚਾਉਣ ਲਈ ਕਾਂਗਰਸ ਦਾ ਸਾਥ ਦੇਣਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚਲੇ 10 ਸਾਲ ਦੇ ਅਕਾਲੀ ਰਾਜ ਵਿਚ ਜੋ ਕੁਝ ਪੰਜਾਬੀਆਂ ਨਾਲ ਵਧੀਕੀਆਂ ਹੋਈਆਂ ਉਨ੍ਹਾਂ ਵਧੀਕੀਆਂ ਦਾ ਬਦਲਾ ਇਕ ਇਕ ਵੋਟ ਹੈ।ਉਨ੍ਹਾਂ ਕਿਹਾ ਕਿ ਅਕਾਲੀਆਂ ਨੇ 10 ਸਾਲ ਤਕ ਪੰਜਾਬੀਆਂ ਨੂੰ ਕੁੱਟਿਆ ਤੇ ਲੁੱਟਿਆ ਹੈ।ਪੰਜਾਬੀ ਨੌਜਵਾਨਾਂ ਨੂੰ ਕੰਮ ਦੇਣ ਦੀ ਬਜਾਏ ਨਸ਼ੇ ਦਿੱਤੇ ਜਿਸ ਕਾਰਨ ਪੂਰੀ ਇਕ ਨਸਲ ਬਰਬਾਦ ਹੋਈ। ਪੰਜਾਬ ਦੀ ਇਸ ਨਸਲਕੁਸ਼ੀ ਲਈ ਸਿੱਧੇ ਤੌਰ ’ਤੇ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਜਵਾਬਦੇਹ ਹੈ।ਪੰਜਾਬ ਨੂੰ ਆਰਥਿਕ ਤੌਰ ’ਤੇ ਬਰਬਾਦ ਕਰਨ ਵਿਚ ਅਕਾਲੀਆਂ ਨੇ ਕੋਈ ਕਸਰ ਬਾਕੀ ਨਹੀ ਛੱਡੀ। ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰ ਦਿੱਤਾ।ਪੰਜਾਬ ਵਿੱਚ ਕੋਈ ਇੰਡਸਟਰੀ ਨਹੀਂ ਰਹੀ ਪੰਜਾਬ ਹਰ ਖੇਤਰ ਵਿਚ ਪੱਛੜਦਾ ਰਿਹਾ ਪਰ ਰਾਜ ਸਰਕਾਰ ਨੇ ਕਦੇ ਵੀ ਪੰਜਾਬ ਬਾਰੇ ਨਹੀ ਸੋਚਿਆ।ਔਜਲਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨਾਲ ਅਕਾਲੀ ਦਲ ਵੱਲੋ ਕੀਤੇ ਇੱਕ ਇੱਕ ਧੱਕੇ ਦਾ ਜਵਾਬ ਲਿਆ ਜਾਵੇ। ਉਨ੍ਹਾਂ ਕਿਹਾ ਕਿ 11 ਮਾਰਚ ਦਾ ਦਿਨ ਪੰਜਾਬ ਲਈ ਇਤਿਹਸਕ ਦਿਨ ਹੋਵੇਗਾ ਜਦ ਪੰਜਾਬ ਵਿੱਚੋਂ ਜ਼ੁਲਮ ਦਾ ਰਾਜ ਖਤਮ ਹੋਵੇਗਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਲੋਕਾਂ ਦੀ ਸਰਕਾਰ ਦੇ ਰਾਜ ਵਿਚ ਪੰਜਾਬੀਆਂ ਨੂੰ ਸੁਖ ਦਾ ਸਾਹ ਆਵੇਗਾ।
Punjab Post Daily Online Newspaper & Print Media