ਬਠਿੰਡਾ, 2 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਡਵੀਜ਼ਨਲ ਕਮਿਸ਼ਨਰ ਵੀ.ਕੇ ਮੀਨਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਬੀਤੀ ਰਾਤ ਮੌੜ ਮੰਡੀ ’ਚ ਹੋਏ ਧਮਾਕੇ ਦੇ ਜ਼ਖਮੀਆਂ ਦੀ ਸਿਹਤ ਦਾ ਹਾਲ ਜਾਨਣ ਲਈ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਗਏ ਜਿਥੇ ਉਨ੍ਹਾਂ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਟੀਮ ਸਮੇਤ ਮੀਨਾ ਅਤੇ ਥੋਰੀ ਨੇ ਕੌਸਮੋ, ਮੈਕਸ ਅਤੇ ਦਿਓਲ ਹਸਪਤਾਲ ’ਚ ਜ਼ੇਰੇ ਇਲਾਜ਼ 6 ਜ਼ਖਮੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ ਗਰੇਸ਼ੀਆ ਅਤੇ ਜ਼ਖਮੀਆਂ ਨੂੰ ਇਲਾਜ਼ ਲਈ ਮਾਲੀ ਮਦਦ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਐਕਸ ਗਰੇਸ਼ੀਆ ਤਹਿਤ 3 ਲੱਖ ਰੁਪਏ ਅਤੇ ਇਲਾਜ਼ ਲਈ 50 ਹਜ਼ਾਰ ਰੁਪਏ ਦੀ ਮਦਦ ਲਈ ਲਿਖਿਆ ਗਿਆ ਹੈ। ਥੋਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਸਰਕਾਰ ਵਲੋਂ ਚੋਣ ਕਮਿਸ਼ਨ ਦੀ ਪ੍ਰਵਾਨਗੀ ਉਪਰੰਤ ਹੀ ਮਾਲੀ ਮਦਦ ਮੁਹੱਈਆ ਕਰਵਾਈ ਜਾ ਸਕੇਗੀ।ਉਨ੍ਹਾਂ ਦੱਸਿਆ ਕਿ ਧਮਾਕੇ ਦੇ ਜ਼ਖਮੀਆਂ ਦੀ ਮਦਦ ਲਈ ਰੈਡ ਕਰਾਸ ਸੁਸਾਇਟੀ ਬਠਿੰਡਾ ਨਿਯਮਾਂ ਅਨੁਸਾਰ ਦਵਾਈਆਂ ਦਾ ਖਰਚ ਮੁਹੱਈਆ ਕਰਵਾਏਗੀ ਜਿਸ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਘਟਨਾ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧਮਾਕੇ ਦੌਰਾਨ 3 ਮੌਤਾਂ ਮੌਕੇ ’ਤੇ ਹੀ ਹੋ ਗਈਆਂ ਸਨ ਜਦਕਿ 3 ਹੋਰ ਮੌਤਾਂ ਲੁਧਿਆਣਾ ਦੇ ਇੱਕ ਹਸਪਤਾਲ ’ਚ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 13 ਵਿਅਕਤੀ ਜ਼ਖਮੀ ਹੋਏ ਜਿਨ੍ਹਾਂ ’ਚੋਂ 3 ਦੀ ਹਾਲਤ ਗੰਭੀਰ, 1 ਵਿਅਕਤੀ 40 ਫੀਸਦੀ ਝੁਲਸ ਜਾਣ ਅਤੇ 9 ਵਿਅਕਤੀ ਖਤਰੇ ਤੋਂ ਬਾਹਰ ਹਨ।
ਸਿਵਲ ਸਰਜਨ ਬਠਿੰਡਾ ਡਾ. ਆਰ.ਐਸ ਰੰਧਾਵਾ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਅਸ਼ੋਕ ਕੁਮਾਰ (35), ਬਰਖਾ ਰਾਣੀ (7) ਪੁੱਤਰੀ ਅਸ਼ੋਕ ਕੁਮਾਰ, ਹਰਪਾਲ ਪਾਲੀ (40) ਵਾਸੀ ਜੱਸੀ ਪੌ ਵਾਲੀ ਘਟਨਾ ਵਾਲੀ ਥਾਂ ’ਤੇ ਮੌਕੇ ’ਤੇ ਹੀ ਦਮ ਤੋੜ ਗਏ ਸਨ ਜਦਕਿ ਸੋਰਵ ਸਿੰਗਲਾ (13), ਰਿਪਨਦੀਪ (9) ਅਤੇ ਜਪਸਿਮਰਨ ਸਿੰਘ (14) ਨੇ ਲੁਧਿਆਣਾ ਦੇ ਇੱਕ ਹਸਪਤਾਲ ’ਚ ਦਮ ਤੋੜਿਆ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿਚ ਜਸਕਰਨ ਸਿੰਘ (26), ਅਮਰੀਕ ਸਿੰਘ (26) ਅਤੇ ਅੰਕੁਸ਼ (11) ਗੰਭੀਰ ਜ਼ਖਮੀ ਸਨ ਜਿਨ੍ਹਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਜਦਕਿ ਬਠਿੰਡਾ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖਲ ਰੌਕੀ ਗਰਗ (25), ਦਰਸ਼ਨ ਸਿੰਘ (55), ਰਾਜੀਵ (31), ਮਨੀ ਮਿੱਤਲ (25), ਡੀ. ਰਾਮ ਬਾਬੂ (34), ਤੇਜਿੰਦਰ ਪਾਲ (36), ਆਸ਼ੂ (11), ਹਿਮਾਂਸ਼ੂ (15), ਰਾਹੁਲ (10) ਅਤੇ ਲਖਰਾਜ (10) ਖਤਰੇ ਤੋਂ ਬਾਹਰ ਹਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media