ਧੂਰੀ, 2 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ ਦੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਹਰੀ ਸਿੰਘ ਵੱਲੋਂ ਅੱਜ ਵੱਖ-ਵੱਖ ਪਿੰਡਾਂ ਸਮੇਤ ਸ਼ਹਿਰ ਦੇ ਵਾਰਡਾਂ ਅੰਦਰ ਨੁੱਕੜ ਮੀਟਿੰਗਾਂ ਰਾਹੀਂ ਅਤੇ ਡੋਰ ਟੂ ਡੋਰ ਜਾ ਕੇ ਲੋਕਾਂ ਤੋਂ ਪੰਜਾਬ ਅੰਦਰ ਹੋਏ ਵਿਕਾਸ ਨੂੰ ਮੁੱਖ ਰੱਖਦੇ ਹੋਏ ਵਿਕਾਸ ਕਾਰਜਾਂ ਨੂੰ ਲਗਾਤਾਰ ਜਾਰੀ ਰੱਖਣ ਲਈ ਤੀਜੀ ਵਾਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਨਾਉਣ ਦੀ ਅਪੀਲ ਕੀਤੀ ਗਈ।
ਉਨ੍ਹਾਂ ਲੋਕਾਂ ਨੂੰ ਆਪਣੇ ਹੱਕ ’ਚ ਭੁਗਤ ਕੇ ਧੂਰੀ ਸੀਟ ਨੂੰ ਅਕਾਲੀ-ਭਾਜਪਾ ਦੀ ਝੋਲੀ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸੂਬੇ ਅੰਦਰ ਕਰਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਦੇ ਆਧਾਰ ’ਤੇ ਵੋਟ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਨੇ ਜਿਥੇ ਹਲਕਾ ਧੂਰੀ ਵਾਸੀਆਂ ਦੀ ਪ੍ਰਮੁੱਖ ਮੰਗ ਨੂੰ ਸਰਕਾਰੀ ਕਾਲਜ ਬਣਾ ਕੇ ਪੂਰਾ ਕੀਤਾ ਉਥੇ ਪਿਛਲੇ 10 ਸਾਲਾਂ ’ਚ ਧੂਰੀ ਸ਼ਹਿਰ ਦੇ ਵਿਕਾਸ ਲਈ ਕਰੀਬ 85 ਕਰੋੜ 73 ਲੱਖ ਖਰਚ ਕੇ ਸ਼ਹਿਰ ਅੰਦਰ 100 ਫੀਸਦੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੁਲਤ ਦੇਣ ਸਮੇਤ ਹੋਰ ਵਿਕਾਸ ਕਾਰਜ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਹਲਕੇ ਦੇ ਪਿੰਡਾਂ ਅੰਦਰ ਵੀ ਕਰੋੜਾਂ ਰੁਪਏ ਖਰਚ ਕੇ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੁਲਤਾਂ ਦੇ ਕੇ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਉਪਰੰਤ ਸੂਬੇ ਅੰਦਰ ਮੁੜ ਗੱਠਜੋੜ ਦੀ ਸਰਕਾਰ ਬਨਣ ’ਤੇ ਜਿਥੇ ਸ਼ਹਿਰ ਅੰਦਰ ਬੱਸ ਸਟੈਂਡ, ਫਾਇਰ ਬ੍ਰਿਗੇਡ ਦੀ ਮੰਗ ਨੂੰ ਪੂਰਾ ਕਰਾਉਣ ਦੀ ਕੋਸ਼ਿਸ਼ ਕਰਨਗੇ ਉਥੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡਾ ਉਦਯੋਗ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਆਧੁਨਿਕ ਸਹੁਲਤਾਂ ਵਾਲਾ ਸਟੇਡੀਅਮ, ਆਈਲੇਟਸ ਮੁਫਤ ਕੋਚਿੰਗ ਸੈਂਟਰ ਅਤੇ ਪਿੰਡਾਂ ਅੰਦਰ ਬੱਚਿਆਂ ਲਈ ਖੇਡ ਪਾਰਕ ਸਮੇਤ ਅਨੇਕਾਂ ਵਿਕਾਸ ਕਾਰਜ ਕਰਾ ਕੇ ਹਲਕੇ ਦੀ ਨੁਹਾਰ ਬਦਲਣਗੇ।
ਇਸ ਮੌਕੇ ਸਿਮਰਪ੍ਰਤਾਪ ਸਿੰਘ ਬਰਨਾਲਾ, ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ, ਭੁਪਿੰਦਰ ਸਿੰਘ ਭਲਵਾਨ, ਜਤਿੰਦਰ ਸਿੰਘ ਸੋਨੀ ਮੰਡੇਰ, ਮਨਵਿੰਦਰ ਸਿੰਘ ਬਿੰਨਰ, ਸੁਖਵਿੰਦਰ ਸਿੰਘ ਈਸੀ, ਹੰਸ ਰਾਜ ਗਰਗ, ਸਰਪੰਚ ਧਰਮਿੰਦਰ ਸਿੰਘ ਕੋਲਸੇੜੀ, ਬੰਤ ਸਿੰਘ ਵਿਰਕ, ਗੁਰਵਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਬੁਰਜ, ਹਰਨੇਕ ਦੀਵਾਨਾ, ਗੁਰਕੰਵਲ ਸਿੰਘ ਕੋਹਲੀ ਤੇ ਅਰਸ਼ ਸਿੱਧੂ ਕੱਕੜ੍ਹਵਾਲ ਵੀ ਹਾਜ਼ਰ ਸਨ।
Punjab Post Daily Online Newspaper & Print Media