ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)-ਪੰਜਾਬ ਵਿਧਾਨ ਸਭਾ ਚੋਣਾਂ 2017 ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ 4 ਫਰਵਰੀ 2017 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾ ਮਿਤੀ 2 ਫਰਵਰੀ 2017 ਸ਼ਾਮ 5 ਵਜੇ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਚੋਣ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬਸੰਤ ਗਰਗ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਹੈ, ਅਨੁਸਾਰ ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ ਅਤੇ ਇਹ ਸਮਾਂ ਸ਼ੁਰੂ ਹੁੰਦੇ ਸਾਰ ਚੋਣ ਪ੍ਰਚਾਰ ਲਈ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਨਾ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਰਾਜਨੀਤਕ ਆਗੂਆਂ/ ਪਾਰਟੀ ਵਰਕਰਾਂ/ਕਪੇਨ ਵਰਕਰਾਂ ਨੂੰ ਹਲਕੇ ਵਿਚੋਂ ਬਾਹਰ ਜਾਣਾ ਪਵੇਗਾ।ਉਨਾਂ ਹਦਾਇਤ ਕੀਤੀ ਕਿ ਪ੍ਰਚਾਰ ਲਈ ਤੈਅ ਸਮਾਂ ਸਮਾਪਤ ਹੁੰਦੇ ਸਾਰ ਹਲਕੇ ਵਿਚ ਸਿਰਫ ਰਜਿਸਟਰ ਵੋਟਰ ਹੀ ਹੋਣ, ਉਸ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਜਿਲ੍ਹੇ ਵਿਚ ਨਾ ਰਹੇ।
ਸ੍ਰੀ ਗਰਗ ਨੇ ਦੱਸਿਆ ਕਿ ਇਨ੍ਹਾਂ ਹੁਕਮਾ ਦੇ ਪਾਲਣਾ ਲਈ ਚੋਣ ਅਮਲ ਵਿੱਚ ਲੱਗਿਆ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਕਮਿਊਨਟੀ ਸੈਂਂਟਰ/ਧਰਮਸ਼ਾਲਾ/ਲੌਜ/ਗੈਸਟ ਹਾਊਸ ਅਤੇ ਹੋਰ ਇਸ ਤਰ੍ਹਾਂ ਦੀ ਥਾਵਾਂ ਦੀ ਚੈਕਿੰਗ ਕਰਨਗੇ ਅਤੇ ਇਨ੍ਹਾਂ ਥਾਵਾਂ ਵਿੱਚ ਠਹਿਰਨ ਵਾਲਿਆਂ ਦੀ ਸੂਚੀ ’ਤੇ ਨਿਗਾਹ ਰੱਖਣਗੇ।ਉਨ੍ਹਾਂ ਅੱਗੇ ਦੱਸਿਆ ਕਿ ਵਿਅਕਤੀ/ਸਮੂਹ ਦੀ ਪਹਿਚਾਣ ਕਰਨ ਲਈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਉਸੇ ਵਿਧਾਨ ਸਭਾ ਹਲਕੇ ਦੇ ਰਹਿਣ ਵਾਲੇ ਹਨ, ਜਾਂ ਨਹੀਂ, ਇਸ ਲਈ ਸ਼ਨਾਖਤੀ ਪੱਤਰ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਜਿਨ੍ਹਾਂ ਰਾਜਨੀਤਿਕ ਆਗੂਆਂ ਨੂੰ ਪੁਲਿਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ ਉਹ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾ ਸਮਾਪਤ ਹੋਣ ਤੋਂ ਬਾਅਦ ਵੋਟਾਂ ਵਾਲੇ ਦਿਨ ਵੋਟਾਂ ਪੈਣ ਦੇ ਨਿਸ਼ਚਿਤ ਸਮੇਂ ਤੱਕ ਜਿਸ ਹਲਕੇ ਵਿੱਚ ਉਨ੍ਹਾਂ ਦੀ ਵੋਟ ਬਣੀ ਹੈ, ਉਥੇ ਹੀ ਰਹਿਣਗੇ। ਇਹ ਹੁਕਮ ਚੋਣ ਲੜ ਰਹੇ ਉਮੀਦਵਾਰਾਂ ’ਤੇ ਲਾਗੂ ਨਹੀਂ ਹੋਣਗੇ ਪ੍ਰੰਤੂ ਉਹ ਇਸ ਸਮੇਂ ਦੌਰਾਨ ਪਾਰਟੀ ਦੇ ਰਾਜ ਮੁੱਖ ਦਫ਼ਤਰ ਅਤੇ ਆਪਣੇ ਰਿਹਾਇਸ਼ੀ ਸਥਾਨ, ਜਿਸ ਬਾਰੇ ਉਸ ਵੱਲੋਂ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੋਵੇ ਦਰਮਿਆਨ ਹੀ ਆਉਣ ਜਾਣ ਦੀ ਪ੍ਰਵਾਨਗੀ ਹੋਵੇਗੀ।
ਸ੍ਰੀ ਗਰਗ ਨੇ ਕਿਹਾ ਕਿ ਸਕੂਟਰ ਅਤੇ ਮੋਟਰਸਾਈਕਲ ਦੀ ਆਵਾਜਾਈ ਉਤੇ ਵੀ ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਰੋਕ ਲੱਗ ਜਾਵੇਗੀ।ਇਹ ਰੋਕ ਬਿਮਾਰ ਮਰੀਜ਼ਾਂ/ਅੰਗਹੀਣਾਂ ਨੂੰ ਲਿਜਾਂ ਰਹੇ ਦੋ ਪਹੀਆ ਵਾਹਨਾਂ ਅਤੇ ਸਰਕਾਰੀ ਡਿਊਟੀ ਨਿਭਾ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਲਾਗੂ ਨਹੀਂ ਹੋਵੇਗਾ।
ਸ੍ਰੀ ਗਰਗ ਨੇ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਉਕਤ ਹਦਾਇਤਾਂ ਤੋਂ ਇਲਾਵਾ ਰੇਡੀਓ ਅਤੇ ਟੈਲੀਵੀਜ਼ਨ ’ਤੇ ਹੋਣ ਵਾਲੇ ਪ੍ਰਚਾਰ ’ਤੇ ਵੀ ਰੋਕ ਲੱਗ ਜਾਵੇਗੀ। 2 ਫਰਵਰੀ ਨੂੰ ਸ਼ਾਮ 5 ਵਜੇ ਤੋਂ ਬਾਅਦ ਕੋਈ ਵੀ ਰੇਡੀਓ ਤੇ ਟੈਲੀਵੀਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਪੱਤਰ 3/9/2007 ਜੇ ਐਸ-11 ਮਿਤੀ 3 ਅਗਸਤ 2007 ਅਨੁਸਾਰ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ. ਅਤੇ ਰੇਡੀਉ ਕਿਸੀ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।
ਉਨ੍ਹਾਂ ਕਿਹਾ ਕਿ 3 ਫਰਵਰੀ 2017 ਅਤੇ 4 ਫਰਵਰੀ 2017 ਨੂੰ ਛਪਣ ਵਾਲੀਆਂ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਵਿਚ ਭਾਗ ਲੈ ਰਹੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਆਪਣੇ ਇਸ਼ਤਿਹਾਰ ਚੋਣ ਦਫਤਰ ਦੀ ਪ੍ਰਵਾਨਗੀ ਉਪਰੰਤ ਹੀ ਛਾਪ ਸਕਦੇ ਹਨ।ਇਸ ਤੋਂ ਇਲਾਵਾ ਬਲਕ ਐਸ.ਐਮ.ਐਸ, ਆਈ.ਵੀ.ਆਰ.ਐਸ ਸੁਨੇਹੇ ’ਤੇ ਰੋਕ ਨਹੀਂ ਹੋਏਗੀ ਪਰ ਇਨ੍ਹਾਂ ਬਲਕ ਐਸ.ਐਮ.ਐਸ, ਆਈ.ਵੀ.ਆਰ.ਐ. ਸੁਨੇਹੇ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਪ੍ਰਵਾਨਗੀ ਐਮ.ਸੀ.ਐਮ.ਸੀ ਕਮੇਟੀ ਜ਼ਿਲਾ ਜਾਂ ਰਾਜ ਪੱਧਰ ਤੋਂ ਲੈਣੀ ਜ਼ਰੂਰੀ ਹੋਵੇਗੀ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media