ਮਜੀਠਾ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਹਲਕੇ ਤੋਂ ਅਕਾਲੀ ਵਿਧਾਇਕ ਅਤੇ ਸੂਬੇ ਵਿੱਚ ਨਸ਼ਾ ਸਮਗਲਿੰਗ ਦੇ ਸਰਪ੍ਰਸਤ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠਾ ਨੇ ਵੋਟਰਾਂ ਨੂੰ ਹਰ ਤਰ੍ਹਾਂ ਭਰਮਾਉਣ ਦੀ ਪੂਰੀ ਵਾਹ ਲਈ ਲੇਕਿਨ ਸਫਲ ਨਹੀ ਹੋ ਸਕੇ।
ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਦਿੱਤੇ ਸੰਪੂਰਣ ਸਹਿਯੋਗ ਦੇ ਚਲਦਿਆਂ ਉਹ ਕਹਿ ਸਕਦੇ ਹਨ ਕਿ ਉਹ ਜਿੱਤ ਰਹੇ ਹਨ। ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਲਾਲੀ ਮਜੀਠੀਆ ਨੇ ਦੱਸਿਆ ਕਿ ਬਿਕਰਮ ਸਿੰਘ ਅੱਜ ਦਿਨ ਭਰ 35-40 ਗੱਡੀਆਂ ਦੇ ਕਾਫਲੇ ਨਾਲ ਹਲਕੇ ਵਿੱਚ ਦਨਦਨਾਉਂਦਾ ਫਿਰਦਾ ਰਿਹਾ।ਇਨ੍ਹਾਂ ਗੱਡੀਆਂ ਵਿੱਚ ਸਵਾਰ ਹਲਕੇ ਤੋਂ ਬਾਹਰਲੇ ਤੇ ਗੁੰਡਾ ਅਨਸਰ ਲੋਕ ਸ਼ਰੇਆਮ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਨਜਰ ਆਏ, ਲੇਕਿਨ ਪੁਲਿਸ ਪ੍ਰਸ਼ਾਸ਼ਨ ਇਹ ਸਭ ਵੇਖ ਮੂਕ ਦਰਸ਼ਕ ਬਣਿਆ ਰਿਹਾ।ਉਨ੍ਹਾਂ ਦੱਸਿਆ ਕਿ ਚੋਣ ਅਧਿਕਾਰੀ ਵਲੋਂ ਹਲਕੇ ਦੇ ਕੁੱਝ ਪੋਲਿੰਗ ਸਟੇਸ਼ਨਾਂ ਉਪਰ ਖਾਲਸਾ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਦਾ ਸਟਾਫ ਡਿਊਟੀ `ਤੇ ਤਾਇਨਾਤ ਕਰਨ ਦਾ ਪਤਾ ਲੱਗਣ `ਤੇ ਉਹਨਾਂ ਬੀਤੀ ਦੇਰ ਸ਼ਾਮ ਹੀ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਧਿਕਾਰੀ ਪਾਸ ਲਿਖਤੀ ਸ਼ਿਕਾਇਤ ਦੇ ਕੇ ਆਏ ਜਿਸ `ਤੇ ਕਾਰਵਾਈ ਕਰਦਿਆਂ 7 ਪੋਲਿੰਗ ਬੂਥਾਂ ਤੋਂ ਅਜਿਹਾ ਸਟਾਫ ਵਾਪਿਸ ਲੈ ਲਿਆ ਗਿਆ।
ਲਾਲੀ ਮਜੀਠੀਆ ਨੇ ਦੱਸਿਆ ਕਿ ਉਹ ਨਿਰੰਤਰ ਚੋਣ ਅਧਿਕਾਰੀ ਨੂੰ ਹਲਕੇ ਵਿੱਚ ਬਿਕਰਮ ਸਿੰਘ ਦੇ ਅਸਰ ਰਸੂਖ ਕਾਰਣ ਵੱਖ ਵੱਖ ਵਿਭਾਗਾਂ ਵਿੱਚ ਤਾਇਨਾਤ ਮੁਲਾਜਮਾਂ ਦੇ ਪੱਖਪਾਤੀ ਰਵਈਏ ਤੇ ਹਲਕੇ ਵਿੱਚ ਬਾਹਰੀ ਲੋਕਾਂ ਦੇ ਦਖਲ਼ੇ ਬਾਰੇ ਲਿਖਤੀ ਸ਼ਿਕਾਇਤਾਂ ਭੇਜਦੇ ਰਹੇ ਹਨ, ਕੁੱਝ ਅਧਿਕਾਰੀ ਬਦਲੇ ਵੀ ਗਏ।ਲੇਕਿਨ ਹਲਕਾ ਪੂਰੀ ਤਰ੍ਹਾਂ ਬਿਕਰਮ ਸਿੰਘ ਦੇ ਸਰਕਾਰੀ ਰਸੂਖ ਤੋਂ ਮੁਕਤ ਨਹੀ ਹੋ ਸਕਿਆ।ਚੋਣ ਕਮਿਸ਼ਨ ਵਲੋਂ ਵੋਟਾਂ ਪਾਣ ਲਈ ਕੀਤੇ ਪ੍ਰਬੰਧਾਂ ਦੀ ਗੱਲ ਕਰਦਿਆਂ ਲਾਲੀ ਮਜੀਠੀਆ ਨੇ ਦੱਸਿਆ ਕਿ 40 ਫੀਸਦੀ ਵੋਟਿੰਗ ਮਸ਼ੀਨਾਂ ਤਾਂ ਨੁਕਸਦਾਰ ਸਾਬਿਤ ਹੋਈਆਂ। ਜਿਸ ਕਾਰਣ ਸ਼ੁਰੂਆਤੀ ਦੌਰ ਵਿੱਚ ਵੋਟਾਂ ਦੀ ਪੋਲ ਫੀਸਦ ਕਾਫੀ ਘੱਟ ਰਹੀ।ਕੁੱਝ ਸਰਕਾਰੀ ਮੁਲਾਜਮ ਅਕਾਲੀ ਦਲ ਦੇ ਪੋਲਿੰਗ ਏਜੰਟ ਵਜੋਂ ਕੰਮ ਕਰਦੇ ਵੀ ਫੜਕੇ ਪ੍ਰੀਜਾਈਡਿੰਗ ਅਧਿਕਾਰੀ ਦੇ ਧਿਆਨ ਵਿੱਚ ਲਿਆਂਦੇ ਗਏ।ਇਕ ਸਵਾਲ ਦੇ ਜਵਾਬ ਵਿੱਚ ਲਾਲੀ ਮਜੀਠੀਆ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ 10 ਸਾਲਾ ਜੁਲਮੀ ਰਾਜ ਤੋਂ ਪੂਰੀ ਤਰ੍ਹਾਂ ਦੁਖੀ ਲੋਕਾਂ ਦੇ ਮਿਜਾਜ਼ ਨੂੰ ਭਾਂਪਦਿਆਂ ਬਿਕਰਮ ਸਿੰਘ ਮਜੀਠਾ ਲੜਨ ਦੀ ਤਿਆਰੀ ਵਿੱਚ ਹੀ ਦਿਸਿਆ ਤਾਂ ਜੋ ਉਹ ਝਗੜੇ ਦੀ ਆੜ ਹੇਠ ਹਲਕੇ ਦੀ ਚੋਣ ਰੱਦ ਕਰਵਾ ਸਕੇ, ਲੇਕਿਨ ਵੋਟਰਾਂ ਵਲੋਂ ਮਿਲੇ ਹੁੰਗਾਰੇ ਨੂੰ ਵੇਖਦਿਆਂ ਉਨ੍ਹਾਂ (ਲਾਲੀ ਮਜੀਠੀਆ) ਮਾਮਲੇ ਨੂੰ ਬੇਫਜੂਲ ਤੂਲ ਦੇਣਾ ਜਰੂਰੀ ਨਹੀ ਸਮਝਿਆ।
Punjab Post Daily Online Newspaper & Print Media