Sunday, March 22, 2026

ਡੇਰਿਆਂ ’ਚ ਜਾਣ ਵਾਲੇ ਸਿੱਖ ਆਗੂਆਂ ਦੀ ਪੜਤਾਲ ਕਰੇਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ

ਅੰਮ੍ਰਿਤਸਰ, 6 ਫਰਵਰੀ (ਗੁਰਪ੍ਰੀਤ ਸਿੰਘ)- ਸਿੱਖ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਿਆਂ ਸਬੰਧੀ ਜਾਰੀ ਕੀਤੇ ਹੁਕਮਨਾਮਿਆਂ ਦੀ ਉਲੰਘਣਾਂ ਕਰਨ ਵਾਲੇ ਰਾਜਨੀਤਿਕ ਸਿੱਖ ਆਗੂਆਂ ਖਿਲਾਫ ਪੜਤਾਲ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖੇ ਇੱਕ ਪੱਤਰ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।SGPC

ਉਨ੍ਹਾਂ ਨੇ ਇਸ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੂੰ ਸ਼ਾਮਲ ਕਰਦਿਆਂ ਇਕ ਹਫਤੇ ਦੇ ਅੰਦਰ-ਅੰਦਰ ਮੁਕੰਮਲ ਪੜਤਾਲ ਕਰ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਇੱਕ ਪੱਤਰ ਰਾਹੀਂ ਲਿਖਿਆ ਸੀ ਕਿ ਸ਼ੋਸ਼ਲ ਮੀਡੀਆ ਦੇ ਨਾਲ ਨਾਲ  ਵੱਖ-ਵੱਖ ਜਥੇਬੰਦੀਆ ਵੱਲੋਂ ਪੁੱਜੀਆਂ ਲਿਖਤੀ ਸ਼ਿਕਾਇਤਾਂ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਇਹ ਲਿਆਂਦਾ ਗਿਆ ਹੈ ਕਿ ਕੁਝ ਰਾਜਨੀਤਿਕ ਸਿੱਖ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਡੇਰਿਆਂ ਸਬੰਧੀ ਹੁਕਮਨਾਮਿਆਂ ਦੀ ਉਲੰਘਣਾ ਕਰ ਕੇ ਵਿਵਰਜਿਤ ਡੇਰਿਆਂ ਵਿਚ ਗਏ ਸਨ।ਇਸ ਸਬੰਧੀ ਮੁਕੰਮਲ ਪੜਤਾਲ ਕੀਤੀ ਜਾਵੇ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਖੇ ਇਸ ਪੱਤਰ ’ਤੇ ਤੁਰੰਤ ਅਮਲ ਕਰਦਿਆਂ ਉਕਤ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜੋ ਇਕ ਹਫਤੇ ਵਿਚ ਆਪਣੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੇਸ਼ ਕਰੇਗੀ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply