ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਸੰਨ 1947 ਦੀ ਭਾਰਤ-ਪਾਕਿਸਤਾਨ ਵੰਡ ਸਬੰਧੀ ਇਤਿਹਾਸ ਨੂੰ ਡਿਜ਼ੀਟਲ ਤਕਨਾਲੋਜੀ ਦੁਆਰਾ ਰਿਕਾਰਡ ਕਰਨ ਦੇ ਪ੍ਰੋਜੈਕਟ ’ਤੇ ਕੰਮ ਕਰ ਰਹੀ ਅਮਰੀਕੀ ਖੋਜਕਾਰ ਗੁਨੀਤਾ ਸਿੰਘ ਭੱਲਾ ਨੇ ਅਜ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ ਕੀਤਾ।ਉਨ੍ਹਾਂ ਨੇ ਕਾਲਜ ਦੀ ਸਿੱਖ ਰਿਸਰਚ ਲਾਇਬ੍ਰੇਰੀ ’ਚ ਪਹੁੰਚ ਕਰਕੇ ਸਬੰਧਿਤ ਦਸਤਾਵੇਜ਼ਾਂ ਦਾ ਮੁਆਇੰਨਾ ਕੀਤਾ ਅਤੇ ਸੰਨ ’47 ਦੀ ਦਿਲ ਨੂੰ ਵਲੂੰਧਰ ਵਾਲੀ ਦਰਦਨਾਕ ਬਟਵਾਰੇ ਬਾਰੇ ਜਾਣਕਾਰੀਆਂ ਹਾਸਲ ਕੀਤੀਆਂ।ਉਨ੍ਹਾਂ ਭਾਰਤ-ਪਾਕਿ ਦੀ ਹਿੱਕ ’ਚ ਦੋਹਾਂ ਮੁਲਕਾਂ ਦਰਮਿਆਨ ਖਿੱਚੀ ਗਈ ਲਕੀਰ ’ਤੇ ਵਿਚਾਰ-ਚਰਚਾ ਕੀਤੀ। 
ਮੈਡਮ ਭੱਲਾ, ਜੋ ਕਿ ‘ਅਮਰੀਕਾ ਸਥਿਤ 1947 ਪਾਰਟੀਸ਼ਨ ਆਰਕਾਈਵਜ਼’ ਦੀ ਐਗਜੈਕਟਿਵ ਡਾਇਰੈਕਟਰ ਹਨ, ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਦੀਆਂ ਘਟਨਾਵਾਂ ਨਾਲ ਸਬੰਧਿਤ ਇਤਿਹਾਸਕ ਤੱਥ ਇਕੱਠੇ ਕਰਨ ਦੇ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਵੰਡ ਨਾਲ ਸਬੰਧਿਤ ‘ਜ਼ਬਾਨੀ ਇਤਿਹਾਸ’ ਦੇ ਜਰੀਏ ਡਿਜੀਟਲ ਮੀਡੀਆ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੰਨ੍ਹਾਂ ਦੁਖਾਂਤਮਈ ਘਟਨਾਵਾਂ ਕਰਮਬੱਧ ਕਰਨਾ ਹੈ। ਉਹ ਹੁਣ ਤੱਕ 3000 ਤੋਂ ਵਧੇਰੇ ਬਟਵਾਰੇ ਦੇ ਪ੍ਰਤੱਖਦਰਸ਼ੀਆਂ ਦੀਆਂ ਇੰਟਰਵਿਊ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਟੀਚਾ 2000 ਹੋਰ ਅਜਿਹੇ ਲੋਕਾਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਇੰਟਰਵਿਊ ਕਰਨਾ ਹੈ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਵਿੱਤ ਸਕੱਤਰ ਗੁਨਬੀਰ ਸਿੰਘ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਕੀਤੀ ਮੀਟਿੰਗ ਉਪਰੰਤ ਉਨ੍ਹਾਂ ਨੇ ਕਾਲਜ ਦੇ ਇਤਿਹਾਸਕ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ। ਵਰਨਣਯੋਗ ਹੈ ਕਿ ਕਾਲਜ ਦੇ ਵਿਸਥਾਰਪੂਰਵਕ ਕੈਂਪਸ ਨੂੰ ਭਾਰਤ-ਪਾਕਿ ਦੀ ਵੰਡ ਤੋਂ ਬਾਅਦ ਸ਼ਰਨਾਰਥੀ ਕੈਂਪ ਵਜੋਂ ਵਰਤਿਆ ਗਿਆ ਸੀ। ਉਨ੍ਹਾਂ ਨੇ ਕਾਲਜ ਦੀ ਲਾਇਬ੍ਰੇਰੀ ’ਚ ਪਹੁੰਚ ਕਰਕੇ ਬਹੁਤ ਸਾਰੀ ਇਤਿਹਾਸਕ ਪਹਿਲੂਆਂ ਬਾਰੇ ਜਾਣਕਾਰੀ ਦੀ ਹਾਸਲ ਕੀਤੀ।
ਭੱਲਾ ਮੂਲ ਰੂਪ ’ਚ ਭੌਤਿਕ ਵਿਗਿਆਨੀ ਹਨ ਅਤੇ ਉਨ੍ਹਾਂ ਨੇ ਦਸੰਬਰ 2012 ’ਚ ਲਾਰੰਸ ਬਰਕਲੇ ਨੈਸ਼ਨਲ ਲੈਬਾਰਟਰੀ, ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਪੋਸਟ-ਡਾਕਟਰੇਟ ਕੀਤੀ ਹੈ, ਉਨ੍ਹਾਂ ਆਪਣੇ ਪ੍ਰੋਜੈਕਟ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਖਿਆਲ ਕਿ ਵੰਡ ਦਾ ਦੁਖਾਂਤ ਦਾ ਬਿਆਨ ਉਨ੍ਹਾਂ ਵਿਅਕਤੀਆਂ ਜਿਨ੍ਹਾਂ ਨੇ ਇਨ੍ਹਾਂ ਨੂੰ ਆਪਣੇ ਉਪਰ ਹੰਢਾਇਆ ਸੀ, ਨੂੰ ਕ੍ਰਮਬੱਧ ਕੀਤਾ ਜਾਵੇ, ਜਾਪਾਨ ’ਚ ਹਿਰੋਸ਼ਿਮਾ ਪੀਸ ਮੈਮੋਰੀਅਲ ਦੇ ‘ਜ਼ੁਬਾਨੀ ਇਤਿਹਾਸ ਸਬੰਧੀ ਗਵਾਹੀਆਂ ਵੇਖ ਕੇ ਆਇਆ।ਉਨ੍ਹਾਂ ਕਿਹਾ ਕਿ ਉਹ ਪੀੜ੍ਹੀ ਜਿਸ ਨੇ ਵੰਡ ਦਾ ਸੰਤਾਪ ਝੇਲਿਆ ਹੈ, ਖ਼ਤਮ ਹੋ ਰਹੀ ਹੈ।ਇਸ ਲਈ ਜਿਨ੍ਹਾਂ ਲੋਕਾਂ ਨੇ ਵੰਡ ਨੂੰ ਪ੍ਰਤੱਖ ਰੂਪ ’ਚ ਅੱਖੀਂ ਡਿੱਠਾ, ਉਨ੍ਹਾਂ ਦੀ ਜੁਬਾਨੀ ਕਹਾਣੀਆਂ ਸੁਣ ਕੇ ਇਤਿਹਾਸ ਨੂੰ ਇਸ ਜਰੀਏ ਵੇਖਣ ਦਾ ਅਹਿਦ ਕੀਤਾ ਹੈ।ਛੀਨਾ ਨੇ ਮੈਡਮ ਭੱਲਾ ਨੂੰ ਕਾਲਜ ਅਤੇ ਮੈਨੇਜ਼ਮੈਂਟ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਆਪਣੇ ਲਕਸ਼ ’ਚ ਜਰੂਰ ਸਫ਼ਲ ਹੋਣਗੇ।ਇਸ ਮੌਕੇ ਛੀਨਾ ਦੇ ਦਫਤਰ ਵਿਖੇ ਮੈਡਮ ਭੱਲਾ ਨੇ ਕਾਲਜ ਦੇ ਦੌਰੇ ਮੌਕੇ ਕਿਹਾ ਕਿ ਖ਼ਾਲਸਾ ਕਾਲਜ ਦੀ ਅਦਭੁੱਤ ਇਮਾਰਤ ਸੂਬੇ ਲਈ ਇਕ ਅਜੂਬਾ ਹੈ ਅਤੇ 125 ਸਾਲਾ ਪੁਰਾਤਨ ਇਸ ਵਿੱਦਿਅਕ ਅਦਾਰੇ ਨੂੰ ਸਿੱਖਿਆ ਹਾਸਲ ਕਰਨਾ ਆਪਣੇ-ਆਪ ’ਚ ਫ਼ਖ਼ਰ ਵਾਲੀ ਗੱਲ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media